ਕਲਾਸ ਮਾਸਟਰ ਜੀ 'ਰਾਣਾ ਰਣਬੀਰ 'ਦੀ :
" ਹਿੰਮਤ ਰੱਖ ਮੈਂ ਹਰ ਵੇਲੇ ਰਾਹਾਂ ਤੇ ਤੁਰਿਆ ਜਾਵਾਂ,
ਅਣਖ਼, ਇੱਜ਼ਤ ਦੀ ਗੱਲ ਸ਼ਬਦਾਂ ਵਿੱਚ ਸਮਝਾਵਾਂ।
ਦੱਸਾਂ ਬੰਦੇ ਨੂੰ ਬੰਦਾ ਬਣ ਕੇ ਜਿਉਂਦੇ ਜੀਅ ਤੁਰਨਾ,
ਆਖਾਂ ਹੋਕਾ ਦੇ ਐਵੇਂ ਨਹੀਂ ਯਾਰੋ ਕਦੇ ਵੀ ਖੁਰਨਾ।
ਲਾਵਾਂ ਹਮੇਸ਼ਾਂ ਹੀ ਜ਼ਿੰਦਗੀ ਜ਼ਿੰਦਾਬਾਦ ਦੇ ਨਾਅਰੇ,
ਤੱਕਾਂ ਕਿਰਤ ਕਰਦਿਆਂ ਸਿਰਫ਼ ਰੱਬ ਦੇ ਹੀ ਸਹਾਰੇ।
ਬਣ 'ਮਾਸਟਰ ਜੀ' ਰਾਣਾ ਰਣਬੀਰ ਮੁੜ ਸੀ ਆਏ,
ਸ਼ਬਦਾਂ ਨਾਲ਼ ਕੀਲ ਕੇ ਉਹਨਾਂ ਬੜੇ ਅਰਥ ਸਮਝਾਏ।
ਪਤਾ ਹੀ ਨ੍ਹੀਂ ਲੱਗਿਆ ਕਦੋਂ ਮੁੱਕ ਗਈ ਇਹ ਕਲਾਸ,
ਜਿਹੜੀ ਕਹਿ ਗਈ ਕਿ ਛੱਡੋ ਨਾ ਜਿਉਣ ਦੀ ਆਸ।"
ਰੂਪ ਕਲਾ ਅਤੇ ਵੈਲਫ਼ੇਅਰ ਸੁਸਾਇਟੀ ਦੇ ਮੈਡਮ ਲਵਲੀਨ ਕੌਰ ਜੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਮੁੜ ਇਸ ਵਰ੍ਹੇ ਦੀ' ਸਤਾਈ ਅਕਤੂਬਰ ' ਨੂੰ ਚੰਡੀਗੜ੍ਹ ਦੇ ਮਸ਼ਹੂਰ 'ਟੈਗੋਰ ਥੀਏਟਰ 'ਵਿੱਚ ਪੇਸ਼ ਕੀਤੇ ਗਏ 'ਮਾਸਟਰ ਜੀ' ਨਾਟਕ ਜਿਸ ਨੂੰ ਪੰਜਾਬੀ ਸਿਨੇਮਾ ਦੇ ਸਿਰਮੌਰ ਹਸਤਾਖ਼ਰ ਰਾਣਾ ਰਣਬੀਰ ਜੀ ਵੱਲੋਂ ਥੀਏਟਰ ਦੇ ਕਲਾਕਾਰ ਰਾਜਵੀਰ ਬੋਪਾਰਾਏ ਨਾਲ਼ ਰਲ਼ ਕੇ ਪੇਸ਼ ਕੀਤਾ ਗਿਆ,ਉਸ ਨੂੰ ਦੇਖਣ ਲਈ ਮੈਂ ' ਮੈਂਟਲ ਚੂਹਾ ਉਰਫ਼ ਮਾਸਟਰ ਗੁਰਮੁੱਖ ਸਿੰਘ ਭਾਵ ਰਾਣਾ ਰਣਬੀਰ ਜੀ ਦੁਆਰਾ ਪੇਸ਼ ਕੀਤੇ ਗਏ ਅਤੇ ਦੁਨੀਆ ਭਰ ਵਿੱਚ ਇਸ ਵਰ੍ਹੇ ਵੀ ਮੁੜ ਮਕਬੂਲੀਅਤ ਹਾਸਲ ਕਰ ਚੁੱਕੇ ਨਾਟਕ ਦੀ' ਮਾਸਟਰ ਜੀ ਦੀ ਦੂਜੀ ਵਾਰ ਵੀ ਸਟੇਜ ਉੱਤੇ ਪੇਸ਼ਕਾਰੀ ਵੇਖਣ ਲਈ ਕਈ ਦਿਨਾਂ ਤੋਂ ਉਤਸੁਕ ਸੀ।
ਇਸ ਵਾਰ ਵੀ ਮੈਂ ਚੰਡੀਗੜ੍ਹ ਦੇ 'ਟੈਗੋਰ ਥੀਏਟਰ 'ਵਿੱਚ 'ਰਾਣਾ ਰਣਬੀਰ ਅਤੇ ਉਹਨਾਂ ਦੇ ਸਾਥੀ ਰਾਜਵੀਰ ਬੋਪਾਰਾਏ ਜੀ 'ਦੀ ਪੇਸ਼ਕਾਰੀ ਵੇਖਣ ਲਈ ਲਗਭਗ ਸ਼ਾਮ ਦੇ ਸਾਢੇ ਛੇ ਵਜੇ ਹੀ ਆਪਣੀ ਸੀਟ ਨੰਬਰ ਏ-36' ਤੇ ਬੈਠ ਗਿਆ ਸੀ ਅਤੇ ਬੜਾ ਹੀ ਖ਼ੁਸ਼ ਸਾਂ ਕਿ ਇਸ ਵਾਰ ਦੁਬਾਰਾ ਫਿਰ'ਮਾਸਟਰ ਜੀ' ਨਾਟਕ ਇਸ ਹਾਲ ਦੀ ਮੁੱਢਲੀ ਕਤਾਰ ਵਿੱਚ ਬੈਠ ਕੇ ਵੇਖ ਰਿਹਾ ਸੀ।ਹਾਲ ਵਿੱਚ ਚੰਡੀਗੜ੍ਹ ਦੀਆਂ ਬਹੁਤ ਹੀ ਸਿਰਮੌਰ ਹਸਤੀਆਂ ਵੀ ਬੈਠੀਆਂ ਸਨ। ਹੌਲ਼ੀ- ਹੌਲ਼ੀ ਹਾਲ ਭਰਦਾ ਜਾ ਰਿਹਾ ਸੀ।
ਹਾਲ ਤੋਂ ਬਾਹਰ ਕਤਾਰ ਵਿੱਚ ਖੜ੍ਹੇ ਨਾਟਕ ਵੇਖਣ ਆਏ ਲੋਕਾਂ ਦੇ ਹੱਥਾਂ ਵਿੱਚ ਜਦੋਂ ਟਿਕਟਾਂ ਵੇਖੀਆਂ ਤਾਂ ਭੀੜ ਦਾ ਰੂਪ ਅਖ਼ਤਿਆਰ ਕਰ ਰਹੇ ਦਾ ਨਾਟਕ ਨੂੰ ਵੇਖਣ ਦਾ ਜਿਹੜਾ ਰੁਝਾਨ ਵੇਖਿਆ,ਉਹ ਬਾਹਲ਼ਾ ਕਮਾਲ ਸੀ। ਇਸ ਨਾਟਕ ਦੌਰਾਨ ਇੱਕ ਪਰਿਵਾਰ ਵੀ ਮਿਲਿਆ ਜਿਹੜਾ ਕਿ ਅਮਰੀਕਾ ਤੋਂ ਖ਼ਾਸ ਤੌਰ ਮਾਸਟਰ ਜੀ ਨਾਟਕ ਵੇਖਣ ਚੰਡੀਗੜ੍ਹ ਵਿਖੇ ਆਇਆ।ਦੂਜੇ ਪਾਸੇ ਇਸ ਨਾਟਕ ਨਾਲ਼ ਸਬੰਧਿਤ ਭਾਵੇਂ ਪ੍ਰਬੰਧਕਾਂ ਵੱਲੋਂ ਸਾਰੀਆਂ ਟਿਕਟਾਂ ਵਿਕਣ ਕਰਕੇ ਮਿਲਣੀਆਂ ਬੰਦ ਹੋ ਗਈਆਂ ਸਨ ਪਰ ਲੋਕਾਂ ਵਿੱਚ ਇਸ ਨਾਟਕ ਨੂੰ ਸਟੇਜ ਤੇ ਵੇਖਣ ਦਾ ਜਿਹੜਾ ਚਾਅ ਸੀ,ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਾਹੌਲ ਵੇਖ ਕੇ ਇੰਝ ਲੱਗਦਾ ਸੀ ਜਿਵੇਂ ਲੋਕ ਰਾਣਾ ਰਣਬੀਰ ਜੀ ਪਹਿਲੀਆਂ ਲਿਖੀਆਂ, ਪੰਜਾਬੀ ਸਿਨੇਮਾ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਾਉਣ ਵਾਲੀਆਂ ਫ਼ਿਲਮਾਂ ਜਿਵੇਂ' ਅਸੀਸ,ਅਰਦਾਸ ਅਤੇ ਅਰਦਾਸ ਕਰਾਂ 'ਵਾਂਗ ਮੁੜ ਤੋਂ ਹੀ ਉਹਨਾਂ ਦੀ ਹੀ ਕੋਈ ਲਿਖੀ ਹੋਈ ਜਾਂ ਨਿਰਦੇਸ਼ਿਤ ਕੀਤੀ ਨਵੀਂ ਫ਼ਿਲਮ ਦਾ ਪਹਿਲਾਂ ਸ਼ੋਅ ਵੇਖਣ ਲਈ ਆਏ ਹੋਣ। ਅੱਜ ਭਾਵੇਂ ਇਹੋ ਨਾਟਕ ਨੂੰ ਪਿਛਲੇ ਸਾਲ ਦੀ ਤਰ੍ਹਾਂ ਦੁਬਾਰਾ ਵੇਖ ਆਇਆ ਸੀ ਪਰ ਮੇਰਾ ਚਾਅ ਸੱਤਵੇਂ ਅਸਮਾਨ ਤੇ ਸੀ ਕਿਉਂਕਿ ਜ਼ਿੰਦਗੀ ਵਿੱਚ ਸਟੇਜੀ ਨਾਟਕ ਅੱਜਕੱਲ੍ਹ ਬੜੇ ਘੱਟ ਲੋਕ ਵੇਖਣ ਲਈ ਜਾਂਦੇ ਨੇ? ਨਾਲ਼ੇ ਮੈਂ ਤਾਂ ਰਾਣਾ ਰਣਬੀਰ ਜੀ ਨੂੰ ਫਿਲਮੀਂ ਪਰਦੇ ਤੇ ਐਕਟਿੰਗ ਕਰਦਿਆਂ ਦੇਖਿਆ ਸੀ ਪਰ ਅੱਜ ਉਹਨਾਂ ਨੂੰ ਅੱਖਾਂ ਸਾਹਮਣੇ ਪੇਸ਼ਕਾਰੀ ਕਰਦਿਆਂ ਵੇਖਿਆ ਤਾਂ ਇਹੋ ਕਹਾਂਗਾ ਕਿ ਇਹ ਸ਼ੋਅ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਭਾਵੇਂ ਉਹਨਾਂ ਦੀ ਕਲਾਕਾਰੀ ਦੀ ਗੱਲ ਹੋਵੇ, ਭਾਵੇਂ ਨਿਰਦੇਸ਼ਕ ਵਜੋਂ ਉਹਨਾਂ ਦੀ ਗੱਲ ਹੋਵੇ ਅਤੇ ਭਾਵੇਂ ਲੇਖਕ ਵਜੋਂ ਉਹਨਾਂ ਦੀ ਗੱਲ ਹੋਵੇ ਉਹਨਾਂ ਨੇ ਕਲਾ ਦੇ ਖੇਤਰ ਵਿੱਚ ਆਪਣੀਆਂ ਲਿਖ਼ਤਾਂ ਨਾਲ਼ ਦਰਸ਼ਕਾਂ ਦੇ ਦਿਲਾਂ ਅਮਿੱਟ ਛਾਪ ਛੱਡਣ ਲਈ ਕਸਰ ਨਹੀਂ ਛੱਡੀ।
ਇਸ ਨਾਟਕ ਦੀ ਪੇਸ਼ਕਾਰੀ ਕਰਦਿਆਂ ਉਹਨਾਂ ਅਤੇ ਰਾਜਵੀਰ ਬੋਪਾਰਾਏ ਹੁਰਾਂ ਨੇ ਨੇ ਆਪਣੇ ਸ਼ਬਦਾਂ ਰਾਹੀਂ ਇਹ ਨਾਟਕ ਵੇਖਣ ਆਏ ਲੋਕਾਂ ਨੂੰ 'ਦਸਤਾਰ' ਅਤੇ' ਪੱਗ' ਸ਼ਬਦ ਦਾ ਮਹੱਤਵ ਸਮਝਾਉਂਦਿਆਂ ਹਰ ਪਾਸਿਓਂ ਜ਼ਿੰਮੇਵਾਰ ਬਣਨ ਤੇ ਜੋਰ ਦਿੱਤਾ ਅਤੇ ਇਹ ਵੀ ਦਰਸਾਇਆ ਕਿ ਅਸੀਂ ਲੋਕ ਜਿਹੜੀਆਂ ਆ ਜਾਤ -ਪਾਤ, ਰੁਤਬਿਆਂ , ਅਮੀਰੀ,ਰੰਗ ਰੂਪ, ਸੁਹੱਪਣ, ਉੱਚੀ ਜਾਤ ਵਿੱਚ ਜਨਮ ਲੈਣ ਦੀਆਂ ਪੂੰਛਾਂ ਲਾ ਕੇ ਐਵੇਂ ਹਉਮੈ ਦੀ ਪੰਡ ਸਿਰ ਤੇ ਚੁੱਕ ਅਤੇ ਹੈਂਕੜਬਾਜ਼ ਬਣਦਿਆਂ ਨਫ਼ਰਤ ਦੀ ਕੰਧ ਉਸਾਰਨ ਤੋਂ ਕਦੇ ਬਾਜ ਨਹੀਂ ਆਉਂਦੇ, ਉਹਨਾਂ ਆਪਣੇ ਨਾਟਕ ਰਾਹੀਂ ਇਹਨਾਂ ਬੇਲਗਾਮ ਪੂੰਛਾਂ ਤੇ ਨਿਯੰਤਰਣ ਰੱਖ ਤੁਰਨ ਦਾ ਸਾਰਥਿਕ ਸੁਨੇਹਾ ਦੇਣ ਲਈ ਅਥਾਹ ਕੋਸ਼ਿਸ਼ ਕੀਤੀ, ਜੋ ਕਿ ਕਾਬਿਲੇ ਤਾਰੀਫ਼ ਹੈ।
"ਨਾਟਕ 'ਚ ਹੈ ਇਸ ਵਾਰੀ ਕੀ ਨਵਾ ਕੁੱਝ ਹੈ, ਜਿਹੜਾ ਮੈਂ ਇਸ ਨਾਟਕ ਨੂੰ ਦੁਬਾਰਾ ਦੇਖਣ ਲਈ ਇੱਥੇ ਆਇਆਂ ਹਾਂ?" ਇਹ ਉਤਸੁਕਤਾ ਉਦੋਂ ਸ਼ੁਰੂ ਹੋਈ ਜਦੋਂ ਰਾਣਾ ਰਣਬੀਰ ਅਤੇ ਉਹਨਾਂ ਦਾ ਜੋਟੀਦਾਰ ਕਲਾਕਾਰ ਰਾਜਵੀਰ ਬੋਪਾਰਾਏ ਸਟੇਜ 'ਤੇ ਆ ਜਾਂਦੇ ਨੇ ਤਦ ਕਈ ਦਰਸ਼ਕ ਬੜੀ ਲਿਆਕਤ ਨਾਲ਼ ਦੋਵਾਂ ਦਾ ਸੁਆਗਤ ਕਰਦਿਆਂ ਉਹਨਾਂ ਨੂੰ ਖੜ੍ਹੇ ਹੋ ਕੇ ਵੇਖਣ ਲਈ ਉਤਸਕ ਹੋਏ। ਇਹ ਵੇਖ ਕੇ ਰਾਣਾ ਰਣਬੀਰ ਦਾ ਅੰਦਰਲਾ ਕਲਾਕਾਰ ਦਹਾੜ ਮਾਰ ਲੋਕਾਂ ਨੂੰ ਆਖਦਾ ਹੈ, " ਮਿੱਤਰ ਪਿਆਰਿਓ!ਆਪਾਂ ਇੱਥੇ ਸਾਰੇ ਹੀ ਵੀ. ਆਈ. ਪੀ. ਹਾਂ"। ਰਾਣਾ ਰਣਬੀਰ ਦੀ ਇਸ ਗੱਲ 'ਤੇ ਲੋਕ ਤਾੜੀਆਂ ਮਾਰਦੇ ਨੇ। ਇਹ ਅੱਖੀਂ ਦੇਖੇ ਨਾਟਕ ਦੀ ਇਹ ਬਾਕਮਾਲ ਝਲਕ ਦੇਖ ਕੇ ਮੈਂ ਆਪਣੇ ਆਪ ਨਾਲ਼ ਨਜ਼ਰ ਮਿਲਾਉਂਦਿਆਂ ਆਵਦੇ ਮਨ ਦੇ ਸ਼ੀਸ਼ੇ ਵਿੱਚੋਂ ਅੰਦਰ ਵੱਲ ਝੀਤ ਮਾਰਦਿਆਂ ਆਵਦੇ ਆਪ ਨੂੰ ਹੌਲ਼ੀ ਜਿਹੇ ਆਖਦਾ ਹਾਂ "ਬੱਸ ਮਾਸਟਰ ਜੀ ਨੇ ਇਸੇ ਤਰ੍ਹਾਂ ਹੀ ਸਾਨੂੰ ਅੰਦਰ ਤਾਈਂ ਝੰਜੋੜ ਕੇ ਸਾਡੀਆਂ ਇਹਨਾਂ ਬੇਲੋੜੀਆਂ ਅਤੇ ਬੇਲਗਾਮ ਹੋਈਆਂ ਪੂੰਛਾਂ' ਤੇ ਪੈਰ ਰੱਖਣਾ ਹੈ।"
ਖ਼ੈਰ ! ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਨਾਟਕ ਦੀ ਪੇਸ਼ਕਾਰੀ ਸ਼ੁਰੂ ਕਰਦੇ ਹਨ ਪਰ ਜਿਵੇਂ- ਜਿਵੇਂ ਨਾਟਕ ਅਗਲੇਰੇ ਪੜ੍ਹਾਅ ਵੱਲ ਵੱਧਦਾ ਹੈ ਤਿਵੇਂ ਹੀ ਦਰਸ਼ਕਾਂ ਦੀ ਉਤਸੁਕਤਾ ਅਗਲੇ ਪੜ੍ਹਾਅ ਵੱਲ ਵੱਧਦੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਉਹਨਾਂ ਨੂੰ ਪਤਾ ਨਹੀਂ ਕਿ ਇਹ ਨਾਟਕ ਕਰਦਿਆਂ- ਕਰਦਿਆਂ ਨਾਟਕ ਦੇ ਇਹਨਾਂ ਪਾਤਰਾਂ ਨੇ ਪਤਾ ਨਹੀਂ ਆਵਦੀ ਕਲਾਕਾਰੀ ਕਰਦਿਆਂ ਸਟੇਜ ਤੇ ਕਿੱਥੇ ਅਤੇ ਕੀ ਕੁੱਝ ਸਮਝਾਉਣ ਦਾ ਯਤਨ ਕਰਦਿਆਂ ਸਮਾਜ ਦਾ ਹਰ ਪੱਖ ਸਟੇਜ ਤੇ ਬਾਖ਼ੂਬੀ ਪੇਸ਼ ਕਰ ਦੇਣਾ ਹੈ?
ਰਾਣਾ ਰਣਬੀਰ ਅਤੇ ਰਾਜਵੀਰ ਦਰਸ਼ਕਾਂ ਨੂੰ ਆਪਣੀ ਪੇਸ਼ਕਾਰੀ ਰਾਹੀਂ ਇਹ ਸਮਝਾਉਣ ਦਾ ਯਤਨ ਕਰਦੇ ਨਜ਼ਰ ਆ ਰਹੇ ਨੇ ਕਿ ਹਰ ਇਨਸਾਨ ਵਿਦਿਆਰਥੀ ਹੈ ਜਿਸ ਦਾ ਮੁੱਖ ਉਦੇਸ਼ ਜੀਵਨ ਵਿੱਚ ਹਰ ਸਮੇਂ ਸਿੱਖਣ ਦੀ ਲਾਲਸਾ ਨੂੰ ਜਿਉਂਦੇ ਜੀਅ ਮੁੱਕਣ ਨਾ ਦੇਣਾ। ਜਿਵੇਂ ਹੀ ਨਾਟਕ ਅੱਗੇ ਤੁਰਦਾ ਹੈ ਤਾਂ ਰਾਜਵੀਰ ਬੋਪਾਰਾਏ ਆਵਦੇ ਕਿਰਦਾਰ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਸਮਝਾਉਂਦਾ ਹੈ ਕਿ ਜਿਸ ਮਾਸਟਰ ਨੂੰ ਉਹ"ਮੈਂਟਲ ਚੂਹਾ" ਕਹਿ ਕੇ ਛੇੜਦਾ ਸੀ। ਕੰਧਾਂ 'ਤੇ ਮੈਂਟਲ ਚੂਹਾ --ਮੈਂਟਲ ਚੂਹਾ ਲਿਖਦਾ ਰਿਹਾਂ। ਉਹ ਮੈਂ ਬੜਾ ਗਲਤ ਕਰਦਾ ਰਿਹਾਂ। ਹੁਣ ਉਸੇ ਮਾਸਟਰ ਮੂਹਰੇ ਆਪਣੀ ਗ਼ਲਤੀ ਦਾ ਪਛਤਾਵਾ ਕਰਦਿਆਂ ਜਾ ਕੇ ਮੁਆਫੀ ਮੰਗਣੀ ਹੈ ਕਿਉਂਕਿ ਆਵਦੇ ਅੰਦਰ ਭਰੇ ਪਏ ਪਛਤਾਵੇ ਦੇ ਕੂੜੇ ਦੀ ਸਾਫ਼ ਸਫ਼ਾਈ ਵੀ ਕਰਨੀਂ ਹੈ l ਜਿਵੇਂ ਹੀ ਨਾਟਕ ਦੌਰਾਨ ਦੋਵਾਂ ਕਿਰਦਾਰਾਂ ਦੀ ਅੱਗੇ ਗੱਲਬਾਤ ਤੁਰਦੀ ਹੈ ਤਾਂ ਗੱਲ ਇਸ ਤੋਂ ਸ਼ੁਰੂ ਹੁੰਦੀ ਹੈ ਜਦੋਂ ਇਹ "ਮੈਂਟਲ ਚੂਹਾ"ਜਿਸ ਨੂੰ ਉਹਦੇ ਵਿਦਿਆਰਥੀ ਹੀ ਗ਼ਲਤ ਨਾਮ ਨਾਲ਼ ਪੁਕਾਰਦੇ ਨੇ,ਉਹ ਹੁਣ 'ਮਾਸਟਰ ਗੁਰਮੁੱਖ ਸਿੰਘ' 'ਚ ਬਦਲ ਜਾਂਦਾ ਹੈ। ਰਣਬੀਰ ਰਾਣੇ ਦੀ ਪੇਸਕਾਰੀ ਨੂੰ ਦੇਖਣ ਵਾਲੇ ਹੁਣ 'ਮੈਂਟਲ ਚੂਹੇ' ਦਾ ਕਿਰਦਾਰ ਭੁੱਲ ਜਾਂਦੇ ਨੇ। ਸਟੇਜ 'ਤੇ ਹੁਣ ਮਾਸਟਰ ਗੁਰਮੁੱਖ ਸਿੰਘ ਉਰਫ਼ 'ਮੈਂਟਲ ਚੂਹਾ' ਹੈ। ਜੋ ਅਜੋਕੇ ਸਮੇਂ ਵਿੱਚ ਜਿਉਂਦੇ ਜੀਅ ਘਰਦਿਆਂ ਅਤੇ ਬਾਹਰਲਿਆਂ ਲਈ ਵੀ ਹਿੱਲਿਆ ਹੋਇਆ ਇਨਸਾਨ ਤੋਂ ਵੱਧ ਕੁੱਝ ਵੀ ਨਹੀਂ ਹੈ। ਹੁਣ ਰਾਜਵੀਰ ਬੋਪਾਰਾਏ ਵਿਦਿਆਰਥੀ ਹੈ--ਮਾਸਟਰ ਗੁਰਮੁੱਖ ਸਿੰਘ ਦਾ । ਸਵਾਦ ਇਹ ਨਾਟਕ ਵੇਖਣ ਦਾ ਹੁਣ ਆਉ ਜਦੋਂ ਮਾਸਟਰ ਜੀ ਲਗਭਗ ਢਾਈ ਕੁ ਘੰਟੇ ਦੀ ਕਲਾਸ ਲਾਉਂਦੇ ਹੋਏ ਬੜੀਆਂ ਤਕੜੀਆਂ ਖੇਡਾਂ ਖੇਡਦਿਆਂ ਬੜਾ ਕੁੱਝ ਸਮਝਾਉਣ ਲਈ ਯਤਨਸ਼ੀਲ ਹੋਣਗੇ।ਸਮਝ ਲਵੋ ਲਗਾਤਾਰ ਤਿੰਨ- ਚਾਰ ਪੀਰੀਅਡ ਤਾਂ ਲਾਉਣੇ ਪੈਣਗੇ । ਟੈਗੋਰ ਥੀਏਟਰ ਦਾ ਖਚਾਖਚ ਭਰਿਆ ਸਾਰਾ ਹਾਲ ਹੁਣ ਵਿਦਿਆਰਥੀ ਵਰਗ ਹੈ। ਇਹ ਗੁਰਮੱਖ ਸਿੰਘ ਮਾਸਟਰ ਕਿਤੇ- ਕਿਤੇ ਤਾਂ ਸਿਆਣੀਆਂ ਗੱਲਾਂ ਕਰਦਾ ਹੈ ਅਤੇ ਕਿਤੇ ਦਿਮਾਗੋਂ ਪਰੇ ਦੀਆਂ ਬਾਤਾਂ ਪਾਉਂਦਾ ਨਜ਼ਰ ਪਰ ਜਿੱਥੇ ਇਹ ਮਾਸਟਰ ਗੁਰਮੁੱਖ ਸਿੰਘ ਸਮਾਜ ਦੀਆਂ ਭੈੜੀਆਂ ਦਿਨ ਪ੍ਰਤੀ ਦਿਨ ਵੱਧਦੀਆਂ ਕੁਰੀਤੀਆਂ 'ਤੇ ਉਂਗਲ ਧਰਦਾ ਅਗਾਂਹ ਵਧ ਰਿਹਾ ਸੀ ਅਤੇ ਇਹਨਾਂ ਦੀ ਨਿੰਦਿਆ ਹੀ ਨਹੀਂ ਕਰੀ ਜਾਂਦਾ ਸਗੋਂ ਉੱਥੇ ਉਹ ਸਾਡੇ ਸਭ ਦੇ ਸਾਂਝੇ ਗੁਰੂਆਂ ਦੁਆਰਾ ਸਮੇਂ -ਸਮੇਂ ਤੇ ਦਿਖਾਏ ਗਏ ਰਾਹ ਦੀ ਫ਼ਿਲਾਸਫ਼ੀ 'ਤੇ ਚੱਲਦਿਆਂ ਆਪਣੇ ਅੰਦਰਲੀਆਂ ਇਹਨਾਂ ਬੁਰਾਈਆਂ ਨੂੰ ਬਾਹਰ ਕੱਢ ਕੇ ਵਗਾਹ ਮਾਰਨ ਦਾ ਹੋਕਾ ਵੀ ਦਿੰਦਿਆਂ ਗੱਲਾਂ -ਗੱਲਾਂ ਵਿੱਚ ਬੜਾ ਕੁੱਝ ਸਮਝਾਉਣ ਲਈ ਯਤਨਸ਼ੀਲ ਹੁੰਦਾ ਵੀ ਨਜ਼ਰ ਆਉਂਦਾ ਹੈ।
"ਮਾਸਟਰ ਜੀ" ਨਾਟਕ ਇਕੱਲੇ ਸਮਾਜ ਦੇ ਇੱਕ ਪੱਖ ਨੂੰ ਉਜਾਗਰ ਕਰਦੀ ਕੋਈ ਕਹਾਣੀ ਨਹੀਂ ਹੋ ਸਗੋਂ ਬਹੁਪੱਖੀ ਪੱਖਾਂ ਵੱਲ ਇਸ਼ਾਰਾ ਕਰਨ ਵਾਲੀ ਉਹ ਡੂੰਘੀ ਸੋਚਣ ਅਤੇ ਸਮਝਣ ਵਾਲੀ ਗੱਲ ਹੈ ਜਿਸ 'ਚ ਸਾਰਥਿਕ ਸੋਚ ਨਾਲ਼ ਅਗਾਂਹ ਵਧੂ ਬਣਨ ਲਈ ਪ੍ਰੇਰਿਤ ਕਰਦੀਆਂ ਕਹਾਣੀਆਂ ਹੀ ਕਹਾਣੀਆਂ ਨੇ। ਮਾਸਟਰ ਰਾਣਾ ਰਣਬੀਰ ਮੈਂਟਲ ਚੂਹਾ ਉਰਫ਼ ਗੁਰਮੁੱਖ ਸਿੰਘ ਆਪਣੀ ਇਸ ਪੇਸ਼ਕਾਰੀ ਵਿੱਚ ਇੱਕ ਕਹਾਣੀ ਦੀ ਤੰਦ ਛੱਡਦਾ ਹੈ, ਦੂਜੀ ਦੀ ਛੋਹ ਲੈਂਦਾ ਹੈ ਜਿਸ ਨੂੰ ਗੱਲ ਦੇ ਰੂਪ ਵਿੱਚ ਉਹ ਆਪਣੇ ਵਿਦਿਆਰਥੀ ਰਾਜਵੀਰ ਦੇ ਕੰਨ 'ਚ ਕਰਦਾ ਹੈ ਪਰ ਗੱਲ ਵਿੱਚ ਇਸ਼ਾਰਾ ਅਤੇ ਸੰਬੋਧਨ ਪੂਰੇ ਸਮਾਜ ਨੂੰ ਕਰਦਾ ਨਜ਼ਰ ਆਉਂਦਾ ਹੈ। ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਰਾਣਾ ਰਣਬੀਰ ਆਖਦੇ ਨੇ
" ਅਸੀਂ ਜੋ ਕੋਲ ਨਹੀਂ ਹੈ ਉਸ ਲਈ ਦੁਖੀ ਹੁੰਦੇ ਹਾਂ। ਜੋ ਕੋਲ ਹੈ ਉਸ ਲਈ ਸਾਡੇ ਕੋਲ ਧੰਨਵਾਦ ਕਰਨ ਲਈ ਦੋ ਸ਼ਬਦ ਵੀ ਨਹੀਂ ਲੱਭਦੇ।"
ਨਾਟਕ ਦੀ ਪੇਸ਼ਕਾਰੀ ਦੌਰਾਨ ਉਹਨਾਂ ਦੋਵਾਂ ਕਿਰਦਾਰਾਂ ਨੇ ਇਹ ਵੀ ਸਮਝਾਇਆ ਕਿ ਘਰਾਂ ਵਿੱਚ ਬਜ਼ੁਰਗਾਂ ਦੀ ਕਦਰ ਮੁੱਕਣ ਨਾ ਦਿਓ ਅਤੇ ਘੜੀ ਕੁ ਵਕ਼ਤ ਕੱਢਦਿਆਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਅਤੇ ਉਹਨਾਂ ਨੂੰ ਘੁੱਟ ਕੇ ਜੱਫ਼ੀ ਪਾਉਂਦਿਆਂ ਉਹਨਾਂ ਨਾਲ਼ ਮੋਹ ਕਰ ਉਹਨਾਂ ਦਾ ਹਾਲ ਚਾਲ ਪੁੱਛਣ ਲੱਗਿਆ ਸੋਚਿਆ ਨਾ ਕਰੋ ਕਿਉਂਕਿ ਬਾਅਦ ਉਹਨਾਂ ਦੀਆਂ ਤਸਵੀਰਾਂ ਨਾਲ਼ ਗੱਲਾਂ ਕਰਦਿਆਂ ਹੰਝੂ ਵਹਾਉਣ ਦਾ ਕੋਈ ਅਰਥ ਨਹੀਂ ਰਹਿ ਜਾਣਾ।
ਜਿਵੇਂ ਜਿਵੇਂ ਨਾਟਕ ਅੱਗੇ ਤੁਰਦਾ ਹੈ ਤਾਂ ਮਾਸਟਰ ਗੁਰਮੁੱਖ ਸਿੰਘ ਇਹ ਸਮਝਾਉਣ ਲਈ ਯਤਨਸ਼ੀਲ ਹੈ ਕਿ ਅੱਜਕੱਲ੍ਹ ਦਾ ਜ਼ਮਾਨਾ ਹਰ ਪਾਸੇ ਪ੍ਰਤੀਯੋਗਤਾ ਦਾ ਜ਼ਮਾਨਾ ਹੈ। ਅਸੀਂ ਮਾਪੇ ਬਣਦੇ ਸਾਰ ਹੀ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੀ ਜੰਮੀ ਔਲਾਦ ਵੱਡੀ ਹੋ ਕੇ ਕਿੰਨੇ ਵੱਡੇ ਅਹੁਦੇ ਤੇ ਪੁਹੰਚ ਕੇ ਸਾਡਾ ਨਾਮ ਸਮਾਜ ਵਿੱਚ ਰੋਸ਼ਨ ਕਰੇਗੀ ਅਤੇ ਅਸੀਂ ਅਕਸਰ ਦੂਜਿਆਂ ਪਰਿਵਾਰਾਂ ਦੇ ਜਵਾਕਾਂ ਨਾਲ਼ ਆਵਦੀ ਔਲ਼ਾਦ ਦੀ ਤੁਲਨਾ ਕਰਨੋਂ ਬਾਜ਼ ਨਾ ਆ ਅੰਤ ਨੂੰ ਔਲ਼ਾਦ ਤੋਂ ਵੀ ਹੱਥ ਧੋਂਦੇ ਨਜ਼ਰ ਆਉਂਦੇ ਹਾਂ ਅਤੇ ਫੇਰ ਖ਼ੁਦ ਨੂੰ ਔਲ਼ਾਦ ਦੀਆਂ ਸੱਧਰਾਂ ਦੇ ਕਾਤਲ ਮੰਨ ਜਿਉਂਦੇ ਜੀਅ ਪਲ- ਪਲ ਮਰਨ ਲਈ ਮਜਬੂਰ ਹੋ ਜਾਂਦੇ ਹਾਂ ਪਰ ਇਹ ਨਹੀਂ ਸਮਝਦੇ ਕਿ ਸਭ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ।
ਨਾਟਕ ਦੀ ਪੇਸ਼ਕਾਰੀ ਦੌਰਾਨ ਉਹਨਾਂ ਇਹ ਸਮਝਾਇਆ ਕਿ ਵਿਆਹਾਂ ਦੇ ਸਮੇਂ ਪੈਲੇਸਾਂ 'ਚ ਮਹਿਮਾਨਨਿਵਾਜ਼ੀ ਕਰਦਿਆਂ ਅਸੀਂ ਇੱਕ ਪਾਸੇ ਬੇਤਹਾਸ਼ਾ ਅੰਨ ਬਰਬਾਦ ਕਰਦੇ ਹਾਂ ਅਤੇ ਦੂਜੇ ਪਾਸੇ ਕਰੋੜਾਂ ਲੋਕ ਭੁੱਖੇ ਇਸ ਅੰਨ ਤੋਂ ਬਗ਼ੈਰ ਸੌਂਦੇ ਹਨ।ਜਿਹੜੇ ਸਾਡੇ ਆਸ -ਪਾਸ ਗੰਦੀਆਂ ਥਾਵਾਂ ਦੀਆ ਸਫ਼ਾਈ ਕਰਦੇ ਨੇ ਅਸੀਂ ਉਹਨਾਂ ਨੂੰ' ਕੂੜੇ ਚੁੱਕਣ ਵਾਲੇ' ਕਹਿ ਕੇ ਵਖਰੇਵਿਆਂ ਅਤੇ ਨਫ਼ਰਤਾਂ ਦੀ ਹੋਂਦ ਨੂੰ ਮੁੜ ਸੁਰਜੀਤ ਕਰਦਿਆਂ ਸੰਬੋਧਿਤ ਕਰਦੇ ਹਾਂ ਜਦੋਂ ਕਿ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤਾਂ ਸਾਂਭਦਿਆਂ ਕੂੜੇ ਚੁੱਕਣ ਵਾਲੇ ਤਾਂ ਅਸੀਂ ਖ਼ੁਦ ਆਪ ਹਾਂ,ਉਹ ਤਾਂ ਸਫ਼ਾਈ ਵਾਲੇ ਨੇ ਜਿਹੜੇ ਸਾਨੂੰ ਖਿਲਰਨ ਤੋਂ ਬਚਣ ਲਈ ਸਮਝਾਉਂਦੇ ਨੇ।
ਇਸ ਨਾਟਕ ਰਾਹੀਂ ਮਾਸਟਰ ਜੀ ਦੁਆਰਾ ਸਮਾਜ ਨੂੰ ਕੀਤੇ ਕਈ ਤਿੱਖੇ ਸਵਾਲ ਵੀ ਕੀਤੇ ਗਏ ਜਿੰਨ੍ਹਾਂ ਦੇ ਜਵਾਬ ਮੰਗਦਿਆਂ ਉਹ ਦਰਸ਼ਕਾਂ ਨੂੰ ਅੰਦਰੋਂ ਹਲੂਣਦੇ ਵੀ ਦਿਖੇ:
1.ਸਾਡੇ ਘਰਾਂ 'ਚ ਸ਼ਰਾਬਾਂ ਪੀਣ ਅਤੇ ਪਿਆਉਣ ਲਈ ਸ਼ੇਖੀ ਮਾਰਦਿਆਂ ਸ਼ਰਾਬਖਾਨੇ ਬਣਾਉਣ ਲਈ ਤਾਂ ਪੈਸਿਆਂ ਦਾ ਇੰਤਜ਼ਾਮ ਹੋ ਸਕਦਾ ਪਰ ਕਿਤਾਬਾਂ ਦੇ ਲੜ ਲੱਗ ਕੇ ਗਿਆਨ ਵਧਾਉਣ ਲਈ ਨਹੀਂ।
2.ਘਰ ਜਾਂ ਬਾਹਰ ਲੜਾਈ ਬੰਦਿਆਂ ਦੀ ਹੁੰਦੀ ਹੈ ਪ੍ਰੰਤੂ ਇਸ ਫ਼ੋਕੀ' ਤੂੰ ਕੋਣ ਮੈਂ ਹੀ ਮੈਂ' ਦੀ ਲੜਾਈ ਵਿੱਚ ਬੇਕਸੂਰ ਧੀਆਂ ਅਤੇ ਭੈਣਾਂ ਨੂੰ ਐਵੇਂ ਵਾਧੂ ਦਾ ਘੜੀਸ ਲੈਂਦੇ ਹਾਂ।
3.ਕੁੱਖ 'ਚੋਂ ਕੋਈ ਮਹਾਨ ਨਹੀਂ ਜੰਮਦਾ ਪਰ ਮਹਾਨ ਬਣਨ ਲਈ ਜ਼ਿੰਮੇਵਾਰ ਬਣਦਿਆਂ ਆਪਣੇ, ਪਰਿਵਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਹੀ ਮਹਾਨ ਦਾ ਦਰਜਾ ਮਿਲਦਾ ਹੈ।
4.ਬੱਚਿਆਂ ਤੇ ਮਾਪਿਆਂ ਨੂੰ ਹਰ ਗੱਲ ਜ਼ਬਰਦਸਤੀ ਨਾ ਥੋਪਦਿਆਂ ਬਾਅਦ ਵਿੱਚ ਖ਼ੁਦ ਨੂੰ ਹੀ ਦੋਸ਼ੀ ਮੰਨਦਿਆਂ ਪਛਤਾਉਣ ਨਾਲੋਂ ਬੱਚਿਆਂ ਦੋਸਤ ਬਣ ਕੇ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।
5.ਜਿੰਦਗੀ 'ਚ ਮਿਲਦੀਆਂ ਔਕੜਾਂ ਹੀ ਸਾਨੂੰ ਹਰ ਵਕਤ ਜਿਉਣ ਦਾ ਹੁੰਗਾਰਾ ਭਰਦਿਆਂ ਦੱਸਦੀਆਂ ਨੇ ਕਿ ਜੇਕਰ ਮੁਸੀਬਤਾਂ ਤਹਾਨੂੰ ਘੇਰ ਕੇ ਲਲਕਾਰਦਿਆਂ ਤੁਹਾਡੇ ਵੱਲ ਆਉਂਦੀਆਂ ਨੇ ਤਾਂ ਤੁਸੀਂ ਜਿਉਂਦੇ ਨਹੀਂ ਤੁਸੀਂ ਤਾਂ ਲਾਸ਼ ਵਾਂਗ ਮੁਰਦੇ ਹੋ।
6.ਰੁੱਸੇ ਨੂੰ ਮਨਾ ਲੈਣਾ ਚਾਹੀਦਾ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਇੱਕ ਦੂਜੇ ਨਾਲ਼ ਰੁੱਸੇ ਹੀ ਤੁਰ ਜਾਈਏ।
7. ਅਸੀਂ ਆਪਣੇ ਤੁਰ ਗਏ ਸਾਥੀ ਦੇ ਸਸਕਾਰ ਸਮੇ ਅੱਥਰੂ ਵਹਾਉਂਦੇ ਹਾਂ ਅਤੇ ਸ਼ਮਸ਼ਾਨਘਾਟ ਤੋਂ ਬਾਹਰ ਨਿੱਕਲਦਿਆਂ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਪਾਣੀ ਦੇ ਬੁਲਬੁਲੇ ਹਾਂ ਅਤੇ ਇਹ ਸਰੀਰ ਵੀ ਰਾਖ਼ ਹੀ ਬਣ ਜਾਣਾ ਅੰਤ ਨੂੰ!
8.ਬੰਦਾ ਕੱਦ ਨਾਲ਼ ਵੱਡਾ ਨਹੀਂ ਹੁੰਦਾ ਕਿਰਦਾਰ ਨਾਲ਼ ਵੱਡਾ ਹੁੰਦਾ ਹੈ। "ਕੱਦ ਕੰਨਾਂ ਤੋਂ ਉਪਰ ਵਾਲਾ ਚਾਰ ਉਂਗਲਾਂ ਦਾ ਹੁੰਦਾ ਹੈ"
9. ਮਾਸਟਰ ਜੀ ਭਾਵ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਆਵਦੇ ਨਾਟਕ ਦੀ ਪੇਸ਼ਕਾਰੀ ਰਾਹੀਂ ਇਕੱਲੇ ਵਿਦਿਆਰਥੀ ਵਰਗ ਨੂੰ ਹੀ ਸਗੋਂ ਨਹੀਂ ਪੂਰੇ ਸਮਾਜ ਨੂੰ ਸਵਾਲ ਕਰ ਦਿੰਦੇ ਨੇ-"ਤੂੰ ਉੱਚਾ ਏਂ ਲੰਮਾ ਏਂ--ਸੋਹਣਾ ਏਂ, ਇਸ 'ਚ ਤੇਰਾ ਕੀ ਯੋਗਦਾਨ ਹੈ!"
10.ਮੂੰਹੋਂ ਨਿੱਕਲੇ ਸ਼ਬਦ ਜ਼ਬਾਨ ਦਾ ਰੂਪ ਬਣ ਮਨ ਵਿੱਚ ਸਦੀਵੀ ਵਸਾ ਵੀ ਦਿੰਦੇ ਨੇ ਅਤੇ ਮਨੋਂ ਲਾਹ ਕੇ ਸਰੀਰ ਦੀ ਟੁੱਟ ਭੱਜ ਵੀ ਖ਼ੂਬ ਕਰਾਂ ਦਿੰਦੇ ਹਨ।
ਇਸ ਤਰ੍ਹਾਂ ਮਾਸਟਰ ਜੀ ਸਾਨੂੰ ਸਾਰਿਆਂ ਨੂੰ ਗੁਰੂਆਂ ਨੂੰ ਹੀ ਨਹੀਂ ਸਗੋਂ ਗੁਰੂਆਂ ਅਤੇ ਉਹਨਾਂ ਦੁਆਰਾ ਲਿਖੀ ਪਵਿੱਤਰ ਬਾਣੀ ਦੀਆਂ ਸਮਝਾਈਆਂ ਗੱਲਾਂ ਮੰਨਣ ਨੂੰ ਆਖਦੇ ਨੇ।
ਇਸ ਤੋਂ ਅੱਗੇ ਤੁਰਦਿਆਂ ਹੋਇਆਂ ਦੋਵੇਂ ਕਲਾਕਾਰ ਆਵਦੇ ਸੰਵਾਦ ਰਾਹੀਂ ਦਰਸ਼ਕਾਂ ਨੂੰ ਇਹ ਸਮਝਾਉਂਦੇ ਨੇ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਇਕੱਲੀ ਉਸ ਨੂੰ ਬੰਦੂਕਾਂ ਬੰਬਾਂ ਦੀ ਗੱਲ ਕਰਨ ਵਾਲਾ ਵਾਲਾ ਭਗਤ ਸਿੰਘ ਨਹੀਂ ਸਗੋਂ ਕਿਤਾਬਾਂ ਤੇ ਵਿਚਾਰਾਂ ਵਾਲੇ ਚਿੰਤਕ ਵਜੋਂ ਵੀ ਪੇਸ਼ ਕਰਦੀ ਹੈ।
'ਮਾਸਟਰ ਜੀ' ਨਾਟਕ ਰਾਹੀਂ ਕਦੇ ਹਸਾਉਂਦੇ ਨੇ ਅਤੇ ਕਦੇ ਰੋਣ ਲੱਗਦਿਆਂ ਕਦੇ ਅੱਖਾਂ ਸਿੱਲੀਆਂ ਕਰਾਉਂਦੇ ਨਜ਼ਰ ਆਉਂਦੇ ਨੇ। ਜਿਵੇਂ -ਜਿਵੇਂ ਇਹ ਨਾਟਕ ਅੱਗੇ ਵੱਧਦਾ ਹੈ ਉਵੇਂ ਹੀ ਵਾਰ- ਵਾਰ ਤਾੜੀਆਂ ਵੱਜਦੀਆਂ ਹਨ। ਮੈਂ ਕਈ ਵਾਰ ਅੱਖਾਂ ਪੂੰਝਦਾ ਹਾਂ ਅਤੇ ਆਪਣੇ ਆਪ ਨੂੰ ਗਲਵਕੜੀ ਪਾ ਆਖਣ ਨੂੰ ਅਹੁਲਦਾ ਹਾਂ, "ਆਏਂ ਨਾ ਰੁੱਸਿਆ ਕਰ ਉਹਨਾਂ ਨਾਲ਼ ਜਿਹੜੇ ਤੈਨੂੰ ਪਿਆਰ ਕਰਦੇ ਨੇ । ਗ਼ਲਤੀ ਹੋ ਜਾਂਦੀ ਐ ਯਾਰ।" ਮੈਂ ਵੇਖਦਾ ਹਾਂ, ਮੇਰੇ ਆਸੇ -ਪਾਸੇ ਲੋਕ ਹੀ ਲੋਕ ਨੇ । ਮੈਂ ਸਬਰ ਕਰ ਲੈਂਦਾ ਹਾਂ ਤੇ ਸੋਚਦਾ ਹਾਂ ਕਿ ਘਰ ਜਾ ਕੇ ਸਭ ਤੋਂ ਪਹਿਲਾਂ ਆਪਣੀ ਨਾਲ਼ ਦੀ ਦੇ ਕੰਨਾਂ ਵਿੱਚ"ਆਈ ਲਵ ਯੂ" ਆਖਾਂ। ਫੇਰ ਬੱਚੀ ਨੂੰ ਗਲਵੱਕੜੀ 'ਚ ਲੈ ਕੇ ਕਹਾਂਗਾ, "ਧੀਏ! ਤੂੰ ਜਿੰਨੀ ਉੱਚੀ ਉੱਡ ਸਕਦੀ ਏਂ ਉੱਡ। ਤੇਰਾ ਬਾਪੂ ਤੇਰੇ ਖੰਭ ਬਣ ਜਾਵੇਗਾ।"
ਮੈਂ ਜਦੋਂ ਇਹ ਨਾਟਕ ਜਾਂ ਨਾਟਕ ਦੀ ਰਿਹਰਸਲ ਵੇਖ ਕੇ ਬਾਹਰ ਨਿਕਲਦਾ ਹਾਂ ਤਾਂ ਅੰਦਰੋਂ ਬਦਲਿਆ ਮਹਿਸੂਸ ਹੀ ਨਹੀਂ ਕੀਤਾ ਸਗੋਂ ਬਦਲ ਵੀ ਚੁੱਕਾ ਸਾਂ।
ਨਾਟਕ ਤੋਂ ਬਾਅਦ ਜਦੋਂ ਮੈਂ ਆਪਣੇ ਸਤਿਕਾਰਯੋਗ ਗੁਰੂ ਜੀ ਨੂੰ ਕਿਹਾ," ਗੁਰੂ ਜੀ! ਮੈਂ ਸ਼ਮਸ਼ੀਲ ਤੁਹਾਡਾ ਵਿਦਿਆਰਥੀ।" ਤਾਂ ਰਾਣਾ ਰਣਬੀਰ ਜੀ ਨੇ ਸਭ ਦੇ ਸਾਹਮਣੇ ਲਿਆਕਤ ਨਾਲ਼ ਘੁੱਟ ਕੇ ਜੱਫ਼ੀ ਪਾਉਂਦਿਆਂ ਆਖਿਆ,"ਸ਼ਮਸ਼ੀਲ ! ਮੈਨੂੰ ਸਭ ਯਾਦ ਹੈ।"
ਨਾਟਕ ਵੇਖਣ ਤੋਂ ਬਾਅਦ ਹੁਣ ਮੇਰੇ ਨਾਲ ਰਾਣਾ ਰਣਬੀਰ ਨਹੀਂ ਸਗੋਂ ਮਾਸਟਰ ਗੁਰਮੁੱਖ ਸਿੰਘ ਜੀ ਸਨ। ਮੈਂ ਵੀ ਇੱਕ ਵਿਦਿਆਰਥੀ ਵਜੋਂ ਆਪਣੇ ਆਪ ਦੇ ਨਾਲ਼ -ਨਾਲ਼ ਉਹਨਾਂ ਸਾਰਿਆਂ ਤੋਂ ਮੁਆਫ਼ੀ ਮੰਗਣ ਜਾਣਾ ਹੈ ਜਿਹੜੇ ਮੈਥੋਂ ਰੁੱਸੇ ਨੇ।
ਲਵ ਯੂ ਗੁਰੂ ਜੀ! ਜਿੰਦਗੀ ਜਿੰਦਾਬਾਦ!