ਮੇਰਾ ਸਾਹਿਤਕ ਸਫ਼ਰ
ਸਾਹਿਤ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹ ਤਾਂ ਪ੍ਰਮਾਤਮਾ ਵੱਲੋਂ ਮਿਲਿਆ ਇੱਕ ਗੌਂਡ ਗਿਫ਼ਟ ਹੁੰਦਾ ਹੈ।
ਜਦ ਕਿਸੇ ਦੀ ਆਤਮਾ ਜਾਂ ਰੂਹ ਤੇ ਗਹਿਰੀ ਸੱਟ ਵੱਜਦੀ ਹੈ ਉਦੋਂ ਬੰਦਾ ਹਥਿਆਰ ਨਹੀਂ ਕਲ਼ਮ ਸਹਾਰਾ ਲੈਂਦਾ ਹੈ। ਜਿਵੇਂ ਕਹਿ ਲਵੋ ਕਿ ਪਰਮਾਤਮਾ ਖੁਦ ਕਲ਼ਮ ਹੱਥ ਵਿੱਚ ਫੜਾ ਦਿੰਦਾ ਹੈ। ਭਾਵ ਤੁਹਾਡਾ ਇੱਕ- ਇੱਕ ਸ਼ਬਦ ਨੂੰ ਪੱਥਰ ਦੀ ਲਕੀਰ ਬਣਾ ਦਿੰਦਾ ਹੈ। ਇਹ ਦਾਤ ਰੂਹ ਨੂੰ ਫ਼ਕੀਰੀ ਰੰਗ ਵਿਚ ਰੰਗ ਦਿੰਦੀ ਹੈ।
ਇਹ ਸਵੱਲੀ ਦਾਤ ਸਾਹਿਤਕ ਕਿਆਰੀ 'ਚ ਬੂਟੇ ਤੋਂ ਪੌਦਾ ਤੇ ਪੌਦੇ ਤੋਂ ਕਦੋਂ ਰੁਖ਼ ਬਣ ਜਾਂਦੀ ਹੈ ਇਸ ਦਾ ਪਤਾ ਲੇਖਕ ਨੂੰ ਉਦੋਂ ਪਤਾ ਲੱਗਦਾ ਹੈ, ਜਦ ਉਹ ਰਚਨਾਵਾਂ ਨੂੰ ਕਿਤਾਬੀ ਜਾਮਾ ਪਹਿਨਾ ਦਿੰਦਾ ਹੈ।
ਮੈਂ ਹਮੇਸ਼ਾਂ ਆਪਣੇ ਮਨ ਵਿੱਚ ਕੁਝ ਨਾ ਕੁਝ ਗੁਣਗਨਾਉਂਦੀ ਰਹਿੰਦੀ ਸੀ,ਪਰ ਕਦੇ ਕਾਗਜ਼ ਤੇ ਨਹੀਂ ਸੀ ਉਤਾਰਿਆ। ਫੇਰ ਮੇਰੀ ਨੌਕਰੀ ਅਖ਼ਬਾਰ ਦੇ ਦਫ਼ਤਰ ਲੱਗ ਗਈ। ਜਿਥੇ ਮੈਨੂੰ ਸ਼ਬਦਾਂ ਦਾ ਭੰਡਾਰ ਤਾਂ ਮਿਲਿਆ ਹੀ ਨਾਲ ਹੀ ਮੈਨੂੰ ਸਾਹਿਤਕ ਸਿਰਜਣਕਾਰਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਮੈਂ ਅਖ਼ਬਾਰ ਦੀ ਰੂਪ ਰੇਖਾ ਤਿਆਰ ਕਰਦੇ -ਕਰਦੇ ਬਹੁਤ ਸਾਰੇ ਸਾਹਿਤਕਾਰਾਂ ਨੂੰ ਪੜ੍ਹਿਆ। ਬਸ ਫੇਰ ਮੇਰੇ ਆਪਣੇ ਦਿਮਾਗ ਵਿਚ ਜੋ ਖ਼ਿਆਲ ਆਉਂਦੇ ਮੈਂ ਕੰਪਿਊਟਰ 'ਚ ਦੋ ਲਾਇਨਾਂ ਕਦੇ ਚਾਰ ਲਾਇਨਾਂ ਲਿਖ ਕੇ ਸੰਭਾਲ ਲੈਂਦੀ। ਮੈਂ ਆਪਣੇ ਆਪ ਨੂੰ ਕੁਦਰਤ ਦੇ ਬਹੁਤ ਨੇੜੇ ਦੇਖਦੀ ਹਾਂ। ਕਿਉਂਕਿ ਮੇਰੀ ਸੋਚ 'ਚ ਕੁਦਰਤ ਨਾਲ਼ ਪਿਆਰ ਕਰਨਾ ਤੇ ਫ਼ਿਕਰਮੰਦੀ ਦੇ ਅਹਿਸਾਸ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕਰਦੇ -ਕਰਦੇ ਮੈਂ ਬਹੁਤ ਸਾਰੇ ਲੇਖ, ਕਹਾਣੀ ਜਾਂ ਕਵਿਤਾਵਾਂ ਲਿਖੀਆਂ । ਜਦ ਉਹ ਰਚਨਾਵਾਂ ਵੱਖ ਵੱਖ ਅਖਬਾਰ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ਉਨ੍ਹਾਂ ਰਚਨਾਵਾਂ ਨੂੰ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੇ ਫੋਨ ਆਉਂਦੇ। ਹਮੇਸ਼ਾ ਹੀ ਛਪੀ ਰਚਨਾ ਪਾਠਕਾਂ ਤੇ ਪ੍ਰਭਾਵ ਪਾਉਂਦੀ ਤੇ ਕੁਝ ਸੇਧ ਛੱਡਦੀਆਂ ਰਹੀਆਂ। ਉਸ ਹੌਂਸਲੇ ਨੇ ਲਿਖਣ ਦੀ ਚੇਟਕ ਹੀ ਲਗਾ ਦਿੱਤੀ।
ਸਭ ਪਹਿਲਾਂ ਮੈਂ ਤਿੰਨ ਦਿਨਾਂ ਵਿਚ ਇੱਕ ਆਰਟੀਕਲ ਲਿਖਿਆ। ਫਿਰ ਉਸ ਨੂੰ ਦਫ਼ਤਰ ਜਾ ਕੇ ਟਾਈਪ ਕੀਤਾ। ਇਹ ਆਰਟੀਕਲ "ਸਾਡੀ ਸੱਭਿਅਤਾ ਦੇ ਹਿੱਸਾ ਹਨ ਮਿੱਟੀ ਦੇ ਬਰਤਨ " ਸੰਪਾਦਕ ਜੀ ਦੇ ਟੇਬਲ ਤੇ ਰੱਖ ਦਿੱਤਾ। ਉਨ੍ਹਾਂ ਨੇ ਪੜ੍ਹਿਆ ਤੇ ਪੜ ਕੇ ਆਪਣੀ ਪਾਰਖੂ ਨਜ਼ਰ ਮਾਰੀ ਤੇ ਮੈਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਇਸ ਨੂੰ ਅਖ਼ਬਾਰ ਵਿੱਚ ਲਗਾਇਆ ਜਾਵੇ। ਉਸ ਹੌਂਸਲੇ ਨੇ ਕਲ਼ਮ ਤੋਂ ਬਹੁਤ ਕੁਝ ਲਿਖਾ ਦਿੱਤਾ ਜਿਸ ਦੀ ਮੈਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ।
ਅੱਜ ਵੀ ਮੈਨੂੰ ਆਪਣੀਆਂ ਰਚਨਾਵਾਂ ਪੜ੍ਹ ਕੇ ਯਕੀਨ ਨਹੀਂ ਹੁੰਦਾ ਕਿ ਇਹ ਸਭ ਕੁਝ ਮੈਂ ਲਿਖ ਦਿੰਦੀ ਹਾਂ।
ਮੇਰੀ ਪਹਿਲੀ ਕਿਤਾਬ ’’ਆਖਿਰ ਕਦੋਂ ਤੱਕ " ਪੰਜਾਬੀ ਲੇਖਕ ਸਭਾ (ਰਜਿ) ਚੰਡੀਗੜ੍ਹ , ਸੈਕਟਰ 21 ਚੰਡੀਗੜ੍ਹ ਵਿਖੇ 2020 ਵਿਚ ਲੋਕ ਅਰਪਣ ਕੀਤੀ।
ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਦੇ ਮੰਤਵ ਨਾਲ ਦੂਜੀ ਕਿਤਾਬ "ਸੋਚ ਤੋਂ ਸੱਚ ਤੱਕ " ਬਾਲ ਸਾਹਿਤ ਲਿਖਿਆ। ਇਸ ਕਿਤਾਬ ਨੂੰ "ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ" ਵਲੋਂ ਜਨਵਰੀ 2024 ਵਿਚ ਸੈਕਟਰ 24 ਚੰਡੀਗੜ੍ਹ ਸੈਣੀ ਭਵਨ ਲੋਕ ਅਰਪਣ ਕੀਤਾ।
ਹੁਣ ਤੱਕ ਪ੍ਰਾਪਤੀ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ "ਸਾਹਿਤ ਵਿਗਿਆਨ ਕੇਂਦਰ ਰਜਿ ਚੰਡੀਗੜ੍ਹ" ਵਲੋਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਵਿਭਾਗ ਮੁਹਾਲੀ ਵਲੋਂ ਕਰਵਾਏ ਸਾਵਣ ਕਵੀ ਦਰਬਾਰ ਵਿੱਚ ਚੋਣਵੇਂ ਲਿਖਾਰੀ ’ਚ 2 ਅਗਸਤ 2022 ਵਿੱਚ ਜ਼ਿਲ੍ਹਾ ਅਫ਼ਸਰ ਡਾ ਦਵਿੰਦਰ ਸਿੰਘ ਬੋਹਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ। "ਅਦਾਰਾ ਸ਼ਬਦ ਕਾਫ਼ਲਾ ਰਜਿ" ਵਲੋਂ ‘‘ਮਲਿਕਾ ਏ ਕਲਮ ਐਵਾਰਡ’’ ਪੰਜਾਬੀ ਭਵਨ ਲੁਧਿਆਣੇ ਹਾਸਿਲ ਕੀਤਾ। ਭਾਸ਼ਾ ਵਿਭਾਗ ਪੰਜਾਬ ਪਟਿਆਲੇ "ਮੇਲਾਂ ਰੂਹਾਂ ਦਾ" ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਮੁੰਬਈ ਵਲੋਂ ਰਾਜ ਪੱਧਰੀ ਸਾਹਿਤਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। "ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ" ਵਲੋਂ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ । 21 ਮਾਰਚ 2024 ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ ਵੱਲੋਂ "ਦਿਸ਼ਾ ਇੰਡੀਅਨ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ। ‘‘ਨਵੀਆਂ ਕਲਮਾਂ ਨਵੀ ਉਡਾਨ’’ ਕਿਤਾਬ ਦੀ ਸਹਿ ਸੰਪਾਦਕ ਹੋ ਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ। ਇਸ ਕਿਤਾਬ ਵਿਚ ਜ਼ਿਲ੍ਹਾ ਲੈਵਲ 'ਤੇ ਬੱਚਿਆਂ ਦੀ ਕਵਿਤਾਵਾਂ ਦੀ ਸ਼ਾਮਿਲ ਹਨ।
ਹੋਰ ਪੁਸਤਕਾਂ
ਪੁਸਤਕਾਂ " ਜਾਗਦੇ ਬੋਲ " ਤੇ "ਹਰਫ਼ਾਂ ਦੇ ਰੰਗ ", ੳਅੲ ਅਦਬੀ ਤਿੰਨ ਕਾਵਿ ਸੰਗ੍ਰਹਿ, ਹਿੰਦੀ ਵਿਚ ਛਪੀ "ਪੰਜਾਬ ਦਰਸ਼ਨ", ਪੁਸਤਕਾਂ ਵਿੱਚ ਮੇਰੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਮੇਰੀਆਂ ਕਵਿਤਾਵਾਂ ਕਹਾਣੀਆਂ, ਨਾਮਵਰ "ਪੰਖੜੀਆਂ" "ਪ੍ਰਾਇਮਰੀ ਸਿੱਖਿਆ" ਉਰਦੂ ਬਾਲ ਮੈਗਜ਼ੀਨ ਪਾਕਿਸਤਾਨ, "ਚਮਕੌਰ ਦੀ ਗੜ੍ਹੀ", "ਸ਼ਬਦ ਬੂੰਦ" ਹਰਿਆਣਾ ਮੈਗਜ਼ੀਨ, "ਸੱਤ ਸਮੁੰਦਰੋਂ ਪਾਰ" ਮੈਗਜ਼ੀਨ ਆਨਲਾਈਨ ਚਾਨਣ ਮੁਨਾਰਾ ਅਖ਼ਬਾਰ, ਬੀਬੀਸੀ ਪੰਜਾਬੀ ਤੇ, ਪੰਜ ਦਰਿਆ ਮੈਗਜ਼ੀਨ ਤੇ ਹੋਰ ਬਹੁਤ ਸਾਰੇ ਆਨਲਾਈਨ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਜਿਨ੍ਹਾਂ ਕਰਕੇ ਪਾਠਕ ਮੇਰੀਆਂ ਰਚਨਾਵਾਂ ਨੂੰ ਬਹੁਤ ਮਾਣ ਸਤਿਕਾਰ ਦਿੰਦੇ ਹਨ।
ਲਿਖਣ ਦੀ ਚੇਟਕ ਮੈਨੂੰ ਲਿਖਦੇ- ਲਿਖਦੇ ਅੱਜ ਇਥੋਂ ਤੱਕ ਲੈ ਆਈ ਕਿ ਅੱਜ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਸੰਪਾਦਨ ਪੁਸਤਕ, "ਪਿੰਡ ਮੇਰਾ ਸਹੁਰਿਆਂ ਦਾ", " ਆਜਾ ਮੇਰਾ ਪਿੰਡ ਵੇਖ ਲੈ" , "ਸਾਹਿਤਕ ਸਫ਼ਰ" ਵਿੱਚ ਮੇਰੇ ਸਾਹਿਤਕ ਸਫ਼ਰ ਨੂੰ ਛਾਪ ਕੇ ਬੜਾ ਮਾਣ ਸਤਿਕਾਰ ਦਿੱਤਾ ਗਿਆ । ਜਿਸਦੀ ਮੈਨੂੰ ਬੇਹੱਦ ਖੁਸ਼ੀ ਹੈ। ਮੈਨੂੰ ਉਮੀਦ ਹੈ ਕਿ ਪਾਠਕਾਂ ਨੂੰ ਇਹ ਪੁਸਤਕਾਂ ਪੜ੍ਹ ਕੇ ਸਾਹਿਤਕਾਰਾਂ ਦੇ ਸਫ਼ਰ ਬਾਰੇ ਜਾਣਨ ਦਾ ਮੌਕਾ ਮਿਲੇਗਾ।
ਇਹ ਪੁਸਤਕਾਂ ਆਉਣ ਵਾਲੇ ਸਮੇਂ ਲਈ ਇਕ ਦਸਤਾਵੇਜ਼ ਸਾਬਤ ਹੋਣਗੀਆਂ।
ਬਲਜਿੰਦਰ ਕੌਰ ਸ਼ੇਰਗਿੱਲ
ਗਵਰਨਰ ਐਵਾਰਡੀ
ਮੋਹਾਲੀ