*ਫੁੱਲਾਂ ਵਰਗੇ ਖ਼ਤ*-ਲੇਖ਼ਕ *ਸ਼ੇਖਰ ਤਲਵੰਡੀ* ਪ੍ਰਕਾਸ਼ਨ *ਮਿਸਟਰ ਸਿੰਘ ਪਬਲੀਕੇਸ਼ਨ ਤਲਵੰਡੀ ਸਾਬੋ

*ਫੁੱਲਾਂ ਵਰਗੇ ਖ਼ਤ*-
ਲੇਖ਼ਕ *ਸ਼ੇਖਰ ਤਲਵੰਡੀ*  
ਪ੍ਰਕਾਸ਼ਨ *ਮਿਸਟਰ ਸਿੰਘ ਪਬਲੀਕੇਸ਼ਨ ਤਲਵੰਡੀ ਸਾਬੋ*

ਕਈ ਵਾਰ ਸੋਚਿਐ ਖ਼ਤ ਤੇਰੇ, ਮੈਂ ਰਾਵੀ ਵਿੱਚ ਵਹਾ ਆਵਾਂ।
ਫੇਰ ਸੋਚਦੈਂ ਕਿਧਰੇ ਅੱਗ ਮੈਂ, ਪਾਣੀ ਨੂੰ ਨਾ ਲਾ ਆਵਾਂ।  
'ਸ਼ੇਖਰ ਤੋਂ ਤਾਂ ਪਹਿਲਾਂ ਹੀ ਦਰਦ, ਸਹਾਰੇ ਨਹੀਂ ਜਾਂਦੇ।
ਤੇਰੇ ਫੁੱਲਾਂ ਵਰਗੇ ਖ਼ਤ ਅੜੀਏ, ਮੈਥੋਂ ਸਾੜੇ ਨਹੀਂ ਜਾਂਦੇ।

 
ਫੁੱਲ ਦੀ ਸੁੰਦਰਤਾ ਬੇਮਿਸਾਲ ਹੈ। ਫੁੱਲ ਵਿੱਚ ਕੁਦਰਤ ਦਾ ਜਾਦੂ ਲੁਕਿਆ ਹੈ, ਉਸ ਦਾ ਰੰਗ, ਖੁਸ਼ਬੂ ਅਤੇ ਨਾਜੁਕਤਾ ਮਨ ਨੂੰ ਖੁਸ਼ੀ ਨਾਲ ਭਰ ਦਿੰਦੀ ਹੈ। ਗੁਲਾਬ ਦੀ ਲਾਲੀ, ਚਮੇਲੀ ਦੀ ਸਫ਼ੇਦੀ, ਸੂਰਜਮੁਖੀ ਦਾ ਚਮਕਦਾਰ ਪੀਲਾ ਰੰਗ ਅਤੇ ਬਸੰਤ ਰੁੱਤੇ ਖਿੜੇ ਫੁੱਲਾਂ ਦੀ ਰੰਗ-ਬਿਰੰਗੀ ਭਾਅ ਖੇੜੇ ਵੰਡਦੀ ਹੈ। ਜੀਵਨ ਵਿੱਚ ਖੁਸ਼ੀ ਦਾ ਮੌਕਾ ਹੋਵੇ ਜਾਂ ਦੁੱਖ ਦਾ ਫੁੱਲ ਪ੍ਰੇਮ ਦੇ ਅਹਿਸਾਸ ਨਾਲ਼ ਸਰਾਬੋਰ ਹੁੰਦੇ ਕੈਨਵਸ 'ਤੇ ਹਾਜ਼ਰ ਰਹਿੰਦੇ ਹਨ।  
ਤੇ ਖ਼ਤ - ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠੀ ਅਹਿਸਾਸ ਜਾਗ ਉੱਠਦਾ ਹੈ। ਖਤ ਸਿਰਫ਼ ਕਾਗ਼ਜ਼ ਉੱਤੇ ਲਿਖੇ ਸ਼ਬਦ ਨਹੀਂ, ਸਗੋਂ ਦਿਲ ਦੀਆਂ ਗੱਲਾਂ ਦਾ ਸਭ ਤੋਂ ਸੁੰਦਰ ਜ਼ਰੀਆ ਹਨ। ਖ਼ਤ ਲਿਖਣ ਵਾਲੇ ਦਾ ਪਿਆਰ, ਖ਼ਤ ਪੜ੍ਹਨ ਵਾਲੇ ਦੀ ਬੇਸਬਰੀ, ਅਤੇ ਖ਼ਤ ਆਉਣ ਦਾ ਇੰਤਜ਼ਾਰ - ਇਹ ਸਭ ਮਿਲ ਕੇ ਖ਼ਤ ਨੂੰ ਅਹਿਮ ਬਣਾਉਂਦੇ ਸਨ। ਪ੍ਰੇਮੀਆਂ ਦੇ ਖ਼ਤ, ਮਾਂ-ਬਾਪ ਦੇ ਆਸ਼ੀਰਵਾਦ ਵਾਲੇ ਖ਼ਤ, ਮਿੱਤਰਾਂ ਦੇ ਦੋਸਤੀ ਦੀ ਮਹਿਕ ਵਾਲੇ ਖ਼ਤ - ਹਰ ਇੱਕ ਦੀ ਆਪਣੀ ਅਹਿਮੀਅਤ ਹੈ। ਇਹੀ ਅਹਿਮੀਅਤ ਇਹਨਾ ਫੁੱਲਾਂ ਵਰਗੇ ਖਤਾਂ ਦੀ ਹੈ ਜਿਸ ਵਿੱਚ ਸ਼ਬਦ ਪੱਤੀਆਂ ਵਾਂਗ ਨਰਮ ਹਨ, ਭਾਵਨਾਵਾਂ ਰੰਗਾਂ ਵਾਂਗ ਰੰਗਬਿਰੰਗੀਆਂ ਹਨ ਤੇ ਹਰ ਵਾਕ ਇੱਕ ਫੁੱਲ ਬਣ ਰਹੀ ਕਲੀ ਵਾਂਗ ਖਿੜਣਾ ਚਾਹੁੰਦਾ ਹੈ।  
ਜਦੋਂ ਕੋਈ ਇਹਨਾਂ ਖ਼ਤਾਂ ਨੂੰ ਪੜ੍ਹਦਾ ਹੈ, ਤਾਂ ਲੱਗਦਾ ਹੈ ਜਿਵੇਂ ਮਨ ਦੀ ਬਗੀਚੀ ਵਿੱਚ ਰੰਗਬਿਰੰਗੇ ਫੁੱਲ ਖਿੜਣ ਲੱਗੇ ਹੋਣ। ਇਹਨਾਂ ਖ਼ਤਾਂ ਨੂੰ ਲਿਖਣ ਵਾਲਾ ਗੀਤਕਾਰ ਹੈ ਸ਼ੇਖਰ ਤਲਵੰਡੀ ਜਿਸ ਦਾ ਅਸਲ ਨਾਮ ਚੰਦਰ ਸ਼ੇਖਰ ਹੈ। ਪੰਜਾਬੀ ਗੀਤਕਾਰੀ ਵਿੱਚ ਉਹ ਇੱਕ ਪ੍ਰਤਿਭਾਵਾਨ ਹਸਤਾਖਰ ਹੈ। ਉਸਦੇ ਗੀਤਾਂ ਦੀ ਸਹਿਜਤਾ, ਸੂਖਮਤਾ ਅਤੇ ਡੂੰਘਾਈ ਉਸਨੂੰ ਮਕਬੂਲੀਅਤ ਦੀ ਸਿਖਰ ਵੱਲ ਲੈ ਜਾਣ ਲਈ ਲਾਮਬੱਧ ਵਿਖਾਈ ਦਿੰਦੀ ਹੈ। ਉਸ ਨੇ ਗੀਤ ਲਿਖਣ ਦੀ ਪ੍ਰੇਰਨਾ ਹਰਦੇਵ ਮਾਹੀਨੰਗਲ ਅਤੇ ਜਨਕ ਸੰਗਤ ਤੋਂ ਲਈ। ਉਸਦੇ ਲਿਖੇ ਕਈ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਉਸਦੇ ਗੀਤਾਂ ਦਾ ਕੇਂਦਰ ਇਸ ਧਰਤੀ 'ਤੇ ਪੁੰਗਰਦੇ ਵਿਗਸਦੇ ਅਤੇ ਪ੍ਰਵਾਨ ਚੜ੍ਹਦੇ ਵਸਤੂ ਵਰਤਾਰੇ ਹਨ ਜਿਨ੍ਹਾਂ ਕਾਰਨ ਉਸਦੇ ਗੀਤ ਗੀਤਕਾਰੀ ਜਗਤ ਵਿੱਚ ਆਪਣੀ ਭਰਵੀ ਸਪੇਸ ਦੀ ਨਿਸ਼ਾਨਦੇਹੀ ਵੀ ਕਰਦੇ ਹਨ। ਸਮਾਜਿਕ ਸੰਵੇਦਨਾ ਦੇ ਨਾਲ-ਨਾਲ ਆਧੁਨਿਕਤਾ ਅਤੇ ਤਕਨੀਕੀ ਯੁਗ ਦੇ ਸੰਵੇਦਨਸ਼ੀਲ ਵਰਤਾਰੇ ਉਸਦੇ ਗੀਤਾਂ ਦੇ ਵਿਸ਼ੇ ਬਣਦੇ ਹਨ। ਉਸਦੇ ਅਨੇਕਾਂ ਗੀਤ ਰਿਕਾਰਡ ਹੋ ਚੁੱਕੇ ਹਨ। ਉਸਦਾ ਇਹ ਗੀਤ-ਸੰਗ੍ਰਹਿ ਉਸ ਦੀ ਚੇਤਨਤਾ ਅਤੇ ਗਿਆਨ ਦੇ ਨਾਲ ਉਸਦੇ ਗਤੀਸ਼ੀਲ ਵਿਕਾਸ ਦਾ ਗਵਾਹ ਵੀ ਬਣਦਾ ਹੈ। ਸਮੇਂ, ਸਥਾਨ ਤੇ ਹਾਲਤਾਂ ਨਾਲ ਸੰਵਾਦ ਰਚਾ ਕੇ ਉਸਦੇ ਗੀਤ ਵਿਚਲੀ ਨਿਜੀ ਸੰਵੇਦਨਾ ਜਨਤਕ ਸੰਵੇਦਨਾ ਬਣਨ ਵੱਲ ਅਹੁੜਦੀ ਹੈ ਅਤੇ ਪਾਠਕ-ਸਰੋਤੇ ਵਿੱਚ ਖੁਸ਼ੀ, ਉਦਾਸੀ ਜਾਂ ਪਰੇਸਾਨੀ ਦਾ ਸਬੱਬ ਬਣਦੀ ਹੈ। ਉਸਦੇ ਗੀਤ ਕੇਵਲ ਕੁਝ ਕੁ ਕਾਵਿਕ ਸ਼ਬਦਾਂ ਜਾਂ ਵਾਕਾਂ ਦਾ ਸਮੂਹ ਨਹੀ ਸਗੋਂ ਜ਼ਿੰਦਗੀ ਨੂੰ ਪਛਾਨਣ ਤੇ ਜਿਉਂਣ ਦਾ ਸਾਰਥਕ ਉਪਰਾਲਾ ਸਿੱਧ ਹੁੰਦੇ ਹਨ। ਇਹ ਸਰੋਤਿਆਂ ਦੇ ਮਨ ਵਿੱਚ ਰਸਾਂ ਦਾ ਉਦੀਪਨ ਕਰਦੇ ਹਨ, ਹਾਸਾ, ਗ਼ਮ ਜਾ ਉਦਾਸੀ ਦਾ ਵਾਤਾਵਰਣ ਸਿਰਜਦੇ ਹਨ ਅਤੇ ਕਿਸੇ ਤਰਕਯੋਗ ਵਿਸ਼ੇ ਦੀ ਮਦਦ ਨਾਲ ਸਰੋਤੇ ਦਾ ਜਿਹਨ ਝੰਜੋੜਦੇ ਹਨ। ਅਜਿਹੇ ਪ੍ਰਭਾਵਾਂ ਕਾਰਨ ਸ਼ੇਖਰ ਤਲਵੰਡੀ ਦੀ ਗੀਤ-ਕਲਾ ਦੇ ਕਈ ਨਵੇਂ ਅਤੇ ਵਿਲੱਖਣ ਮਿਆਰ ਸਥਾਪਤ ਹੁੰਦੇ ਹਨ।  
ਇਹ ਸੱਚ ਹੈ ਕਿ ਪੰਜਾਬੀ ਸਭਿਆਚਾਰ ਵਿੱਚ ਲੋਕ ਗੀਤਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ ਜੋ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਅਧਿਆਤਮਿਕ ਮੁੱਦਿਆਂ ਨੂੰ ਸੰਬੋਧਿਤ ਹੁੰਦੇ ਹੋਏ ਸਭਿਆਚਾਰਕ ਮਹੱਤਤਾ ਦੇ ਨਾਲ ਪੰਜਾਬੀ ਸਮਾਜ ਦੇ ਸਮੁੱਚੇ ਜੀਵਨ ਦਰਸ਼ਨ ਦਾ ਪ੍ਰਤੀਬਿੰਬ ਬਣਦੇ ਰਹੇ ਹਨ। ਪੁਰਾਤਨ ਕਾਲ ਤੋਂ ਆਧੁਨਿਕ ਸਮੇਂ ਤਕ ਇਹਨਾਂ ਗੀਤਾਂ ਦੇ ਰੂਪ ਅਤੇ ਸਮੱਗਰੀ ਵਿੱਚ ਨਿਰੰਤਰ ਬਦਲਾਅ ਆਉਂਦਾ ਰਿਹਾ ਹੈ। ਇਹ ਗੀਤ ਆਪਣੇ ਸਭਿਆਚਾਰਕ ਗੁਣਾਂ, ਭਾਸ਼ਾ ਦੀ ਸੁੰਦਰਤਾ, ਰੂਪ ਵਿਧਾਨ ਅਤੇ ਕਲਾਤਮਕ ਵਿਸ਼ੇਸ਼ਤਾਵਾਂ ਨਾਲ ਇਹਨਾਂ ਬਦਲਾਵਾਂ ਨੂੰ ਆਪਣੇ ਅੰਦਰ ਸਮੋਈ ਹਰਮਨ ਪਿਆਰੇ ਸਾਹਿਤ ਰੂਪ ਵਜੋਂ ਪੇਸ਼ ਹੁੰਦੇ ਹਨ।
 
ਸ਼ੇਖਰ ਤਲਵੰਡੀ ਦੇ ਗੀਤ-ਸੰਗ੍ਰਹਿ ਦੇ ਗੀਤ ਪੁਰਾਤਨ ਸਭਿਆਚਾਰਕ ਵਸਤੂ ਤੋਂ ਇਸ ਆਧੁਨਿਕ ਤਕਨੀਕੀ ਦੌਰ ਦੇ ਵਸਤੂ ਤਕ ਦੇ ਮਸਲਿਆਂ ਨੂੰ ਪੇਸ਼ ਕਰਦੇ ਹਨ। ਅੱਜ ਦੇ ਵਿਸ਼ਵੀਕਰਨ ਅਤੇ ਤਕਨੀਕੀ ਕ੍ਰਾਂਤੀ ਦੇ ਯੁੱਗ ਵਿੱਚ ਇਹ ਮੁੱਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜਿਕ ਤਬਦੀਲੀ ਨੂੰ ਜਜ਼ਬ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਗੀਤ ਨਵੀਆਂ ਪੀੜ੍ਹੀਆਂ ਨੂੰ ਆਪਣੀ ਜੜ੍ਹਾਂ ਨਾਲ ਜੋੜਨ ਅਤੇ ਪੰਜਾਬੀ ਸਭਿਆਚਾਰ ਦੀ ਪਛਾਣ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ। ਸਮਕਾਲੀ ਸਥਾਨਕ ਮੁੱਦਿਆਂ ਨੂੰ ਵਿਸ਼ਵਵਿਆਪੀ ਸੰਦਰਭ ਵਿੱਚ ਪੇਸ਼ ਕਰਦੀਆਂ ਇਹ ਗੀਤ ਪੰਜਾਬੀ ਗੀਤਕਾਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹਿਚਾਣ ਦਿਵਾਉਂਦੇ ਹਨ। ਕਲਾਤਮਕ ਰਚਨਾਵਾਂ ਹੋਣ ਦੇ ਸਾਰੇ ਮਿਆਰ ਗੀਤਕਾਰ ਨੂੰ ਵੀ ਅੰਤਰਰਾਸ਼ਟਰੀ ਪੱਧਰ ਦਾ ਸੰਵੇਦਨਸ਼ੀਲ ਚੇਤੰਨ ਰਚੈਤਾ ਸਿੱਧ ਕਰਦੇ ਹਨ।  
ਇਸ ਪੁਸਤਕ ਦੀ ਪੜ੍ਹਤ ਵੱਲ ਵਧਦਿਆਂ ਇਸ ਦਾ ਸਰਵਰਕ ਪਾਠਕ ਵਿੱਚ ਇਹਨਾਂ ਫੁੱਲਾਂ ਵਰਗੇ ਗੀਤਾਂ ਨੂੰ ਪੜ੍ਹਨ ਦੀ ਉਤਸੁਕਤਾ ਭਰਦਾ ਹੈ। ਲਾਲ ਰਿਬਨ ਵਿੱਚ ਬੱਧੇ ਕੁਝ ਖ਼ਤ, ਇਕ ਤਾਜਾ ਤੇ ਇਕ ਸੁਕਿਆ ਫੁੱਲ, ਦੋ ਛੱਲੇ, ਇਕ ਚਾਬੀ ਅਤੇ ਇਕ ਸੁੰਦਰ ਲੜਕੀ ਦੀ ਤਸਵੀਰ ਵਾਲੇ ਸਰਵਰਕ ਤੋਂ ਪਾਠਕ ਨੂੰ ਅੰਦਾਜਾ ਹੁੰਦਾ ਹੈ ਕਿ ਇਸ ਪੁਸਤਕ ਵਿੱਚ ਸ਼ਾਮਲ ਗੀਤ ਰੋਮਾਂਟਿਕ ਗੀਤ ਹਨ। ਹਾਂ, ਇਹ ਰੋਮਾਂਚਕਾਰੀ ਗੀਤਾਂ ਦੀ ਪੁਸਤਕ ਹੈ, ਨਾਲ ਹੀ ਵਿਛੋੜਿਆਂ ਦੀ ਕਹਾਣੀ ਹੈ, ਇਕ ਕੁੜੀ ਦੀਆਂ ਸੱਧਰਾਂ ਦਾ ਬਿਓਰਾ ਹੈ, ਇਕ ਨਵੀਂ ਵਿਆਹੀ ਦੇ ਮਨ ਦੇ ਚਾਅ ਹਨ, ਇਕ ਧਰਮੀ ਬਾਬਲ ਦੀ ਹੂਕ ਹੈ ਅਤੇ ਅਣਖੀ ਪਿਉ ਦੀ ਮੜਕ ਹੈ।  
ਇਕ ਨਵੀਂ ਵਿਆਹੀ ਦੀ ਆਪਣੀ ਸੱਸ ਨੂੰ ਕੀਤੀ ਇਲਤਜਾਹ ਵੇਖੋ:
ਗੀਤ ਤੇਰੇ ਪੁੱਤ ਨੂੰ ਵਿਆਹੀ
ਰੋ ਰੋ ਕੇ ਜਿਵੇਂ ਧੀਆਂ ਤੋਰਦੇ ਨੇ ਮਾਪੇ, ਪਾਣੀ ਹੱਸ ਹੱਸ ਨੂੰਹਾਂ ਉਤੋਂ ਵਾਰਦੇ।
ਪਾਲੀਆਂ ਤੂੰ ਧੀਆਂ ਜਿਵੇਂ ਸੱਸੇ ਨੀ ਪਿਆਰ ਨਾਲ, ਮੈਨੂੰ ਓਨਾਂ ਰੱਜਵਾਂ ਪਿਆਰ ਦੇਹ।
ਨੂੰਹ ਤੇ ਪੁੱਤ ਤੇਰੇ ਅਜੇ ਸੱਜਰੇ ਵਿਆਹੇ, ਸਦਾ ਕਰ ਅਰਦਾਸਾਂ ਸੁੱਖਾਂ ਨਾਲ ਵੱਸੀਏ।
ਗੱਲ ਗੱਲ ਉੱਤੇ ਮੈਨੂੰ ਝਿੜਕਾਂ ਨਾ ਮਾਰ, ਤੇਰੇ ਪੁੱਤ ਨੂੰ ਵਿਆਹੀ ਅਜੇ ਕੱਲ੍ਹ ਸੱਸੀਏ।
  
ਇਕ ਸੁਹੱਪਣ ਦੀ ਤਾਰੀਫ਼ ਵਾਲਾ ਗੀਤ ਹੈ ਬਦਾਮ ਰੰਗੀ
ਕਿੰਨੀ ਸੋਹਣੀ ਲੱਗੀ ਜਾਵੇਂ ਅੱਜ ਬੱਲੀਏ।
ਦੇਖ ਦੇਖ ਆਉਂਦਾ ਨਹੀਂ ਰੱਜ ਬੱਲੀਏ।  
ਚੁੰਨੀ ਨਾਲ ਮੁੱਖੜਾ ਨਾ ਕੰਜ ਬੱਲੀਏ,
ਮਿਲਜਾ ਘਟਾਵਾਂ ਵਾਂਗੂ ਵਰਕੇ।
ਚੱਕ ਲੈ ਬਦਾਮ ਰੰਗੀਏ,
ਅਸੀਂ ਨੱਚਣਾ ਤਲੀ ਤੇ ਦਿਲ ਧਰਕੇ।

  
ਇਕ ਅਣਵਿਆਹੀ ਕੁੜੀ ਜਦ ਵਿਆਹ ਕਰਕੇ ਜਾਣ ਅਤੇ ਆਪਣੇ ਬਾਬਲ ਦਾ ਘਰ ਛੱਡਦੀ ਹੈ ਤਾਂ ਮਨ ਵਿੱਚ ਵਿਆਹ ਦਾ ਚਾਅ ਤਾਂ ਹੁੰਦਾ ਹੀ ਹੈ ਪਰ ਆਪਣਾ ਘਰ ਤੇ ਮਾਂ ਪਿਉ ਨੂੰ ਛੱਡ ਕੇ ਜਾਣ ਬਾਰੇ ਸੋਚ ਕੇ ਉਸ ਦੇ ਦਿਲ ਵਿੱਚ ਹੌਲ ਉਠਦੇ ਹਨ। ਅਜਿਹੇ ਹੀ ਭਾਵ ਗੀਤ ਘੜੀ ਦੀ ਸੂਈ ਗੀਤ ਵਿੱਚ ਪਰੋਏ ਗਏ ਹਨ:
ਗੀਤ ਘੜੀ ਦੀ ਸੂਈ  
ਭੱਜੀਏ ਨੀ ਜਾਂਦੀਏ ਘੜੀ ਦੀਏ ਸੂਈਏ, ਹੱਥ ਬੰਨ੍ਹਾਂ ਹੌਲ਼ੀ ਕਰ ਤੋਰ ਨੀ।
ਪੱਟਿਆ ਨਾ ਜਾਵੇ ਪੈਰ ਬਾਬਲੇ ਦੇ ਵਿਹੜੇ ਵਿੱਚੋਂ, ਤੱਕ ਲਵਾਂ ਕੰਧਾਂ ਬਿੰਦ ਹੋਰ ਨੀ।
ਬੰਨ੍ਹ ਬੰਨ੍ਹ ਢਿੱਡ ਮੇਰੀ ਕੁੱਲ ਸੀ ਪੁਗਾਈ ਜਿੱਦ, ਬਾਬਲਾ ਨਾ ਭੁੱਲਾਂ ਅਹਿਸਾਨ ਮੈਂ।
ਲੈਂਦੀ ਸੀ ਮੈਂ ਕੱਲ ਤੇਰੇ ਮੋਢਿਆਂ ਤੇ ਝੂਟੇ ਹਾਏ, ਅੱਜ ਕਿਵੇਂ ਹੋਗੀ ਆਂ ਜਵਾਨ ਮੈਂ।
ਕਰਲੈ ਜਰਾਂਦ ਪੁੱਛ ਲੈਣ ਦੇ ਸਵਾਲ ਹਾਏ, ਇੰਝ ਮੇਰੀ ਰੱਤ ਨਾ ਨਿਚੋੜ ਨੀ।
ਭੱਜੀਏ ਨੀ ਜਾਂਦੀਏ.... 

ਇਕ ਗੀਤ ਹੈ ਲਾਟਰੀ ਜਿਸ ਵਿੱਚ ਸ਼ੇਖਰ ਨੇ ਹਰ ਉਸ ਆਮ ਬੰਦੇ ਦੀ ਗੱਲ ਕੀਤੀ ਹੈ ਜੋ ਸਾਰੀ ਜ਼ਿੰਦਗੀ ਆਪਣੀਆਂ ਇਛਾਵਾਂ ਤੇ ਆਪਣੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਸਾਰੀ ਹਯਾਤੀ ਦੇ ਮਸਲੇ ਹੱਲ ਕਰਨ ਲਈ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਮਿਹਨਤ ਕੀਤੇ ਬਗੈਰ ਬਹੁਤ ਸਾਰਾ ਰੁਪਈਆ ਮਿਲ ਜਾਵੇ।  
ਲੋਕੀ ਲੁੱਟਦੇ ਮੌਜ ਬਹਾਰਾਂ। ਸਿਨਮਾ, ਸ਼ਾਪਿੰਗ, ਬੰਗਲੇ, ਕਾਰਾਂ।
ਸਾਡੇ ਵੱਲ ਇੱਕ ਵਾਰੀ ਕਿਉਂ ਨੀ ਦੇਖਦਾ, ਰੱਬਾ ਲਾ ਦੇ ਲਾਟਰੀ।
ਖਿੱਚਕੇ ਬਣਾਦੇ ਦੁਨੀਆਂ ਦੇ ਮੈਚ ਦਾ, ਰੱਬਾ ਲਾ ਦੇ ਲਾਟਰੀ।
ਇੱਕ ਵਾਰ ਤਾਂ ਕਲਗੀ ਵਾਲਿਆ, ਕਿਸਮਤ ਨੂੰ ਚਮਕਾਦੇ।  
ਸ਼ੇਖਰ ਦੀ ਤਲਵੰਡੀ ਦੇ ਵਿੱਚ, ਤੂਤੀ ਬੋਲਣ ਲਾ ਦੇ।
ਦੋਵੇਂ ਹੱਥ ਜੋੜ ਤੈਨੂੰ ਮੱਥਾ ਟੇਕਦਾ ਰੱਬਾ ਲਾ ਦੇ ਲਾਟਰੀ।
ਖਿੱਚਕੇ ਬਣਾਦੇ ਦੁਨੀਆਂ ਦੇ ਮੇਚ ਦਾ ਰੱਬਾ ਲਾ ਦੇ ਲਾਟਰੀ। 

ਕਰੋਨਾ ਲਾਕਡਾਊਨ ਸਮੇਂ ਦੇ ਹਾਲਤ ਤੋਂ ਸਾਰੇ ਜਾਣੂ ਹਨ। ਉਸ ਸਾਲ ਤਲਵੰਡੀ ਵਿਖੇ ਹਰ ਸਾਲ ਲੱਗਣ ਵਾਲੇ ਵਿਸਾਖੀ ਮੇਲਾ ਵੀ ਵੀਰਾਨ ਹੀ ਲੰਘਿਆ ਸੀ। ਸ਼ੇਖਰ ਤਲਵੰਡੀ ਦੀ ਕਲਮ ਉਸ ਬਾਰੇ ਵੀ ਲਿਖਦੀ ਹੈ।  
ਕਰੋਨਾ ਵਿਸਾਖੀ
ਕਿੱਥੇ ਗਈਆਂ ਤੇਰੀਆਂ ਨੀ ਰੌਣਕਾਂ ਵਿਸਾਖੀਏ, ਕਿੱਥੇ ਗਿਆ ਮੇਲੇ ਦਾ ਹੁਲਾਸ।
ਦੇਖਿਆ ਨਾ ਜਾਵੇ ਪੀਲਾ ਭੂਕ ਹੋਇਆ ਮੁੱਖ ਤੇਰਾ, ਰਾਣੀਏ ਕਿਓਂ ਬੈਠੀ ਤੂੰ ਉਦਾਸ।
ਸੁਣਦੇ ਨਾ ਢਾਡੀ ਜਥੇ ਗੂੰਜਦੇ ਦਿਵਾਨਾਂ ਵਿੱਚ, ਸਪੀਕਰਾਂ ਦਾ ਹੈ ਨੀ ਕਿਤੇ ਸ਼ੋਰ।
ਥੱਕਗੀ ਉਡੀਕਦੀ ਤੂੰ ਸੰਗਤਾਂ ਨੂੰ ਸੋਹਣੀਏ ਨੀ, ਚਲਦਾ ਨਾ ਹੋਣੀ ਉੱਤੇ ਜ਼ੋਰ।
ਵੇਚਕੇ ਖਿਡਾਉਣੇ ਨਿੱਕੇ ਬਾਲਾਂ ਨੂੰ ਵਰਾਉਣ ਵਾਲੇ, ਘਰਾਂ ਵਿੱਚ ਬੈਠੇ ਨੇ ਉਦਾਸ।
ਕਿੱਥੇ ਗਈਆਂ ਤੇਰੀਆਂ ਨੀ ਰੌਣਕਾਂ ਵਿਸਾਖੀਏ, ਕਿੱਥੇ ਗਿਆ ਮੇਲੇ ਦਾ ਹੁਲਾਸ। 

ਤਕਨੀਕੀ ਪੱਖ ਦੀ ਗੱਲ ਕਰਦਿਆਂ ਗੀਤਕਾਰ ਸ਼ੇਖਰ ਤਲਵੰਡੀ ਦੇ ਇਹ ਗੀਤ ਰਸ ਉਦੀਪਨ ਦਾ ਜ਼ਰੀਆ ਬਣਦੇ ਹਨ, ਅਲੰਕਾਰਾਂ ਦੀ ਸੁੰਦਰ ਵਰਤੋਂ ਦਿਸਦੀ ਹੈ ਅਤੇ ਪ੍ਰਤੀਕਾਂ ਦੀ ਮਦਦ ਨਾਲ਼ ਗੁੱਝੀਆਂ ਗੱਲਾਂ ਕੀਤੀਆਂ ਗਈਆਂ ਹਨ।  
ਰੂਪਕ ਅਲੰਕਾਰ ਦੀ ਉਦਾਹਰਣ ਵੇਖੋ:
ਗੀਤ ਦਮੜੀ ਦਾ ਸੱਕ
ਨਿਰਾ ਚੌਬੇ ਦਾ ਤੂੰ ਫੁੱਲ ਲੱਗੋਂ ਹਾਨਣੇ।
ਬਹਿਗੀ ਠੋਡੀ ਥੱਲੇ ਹੱਥ ਦੇਕੇ ਸਾਹਮਣੇ।
ਤੇਰੀ ਝਾਕਣੀ ਖਰਾਬ,
ਨੈਣੋਂ ਡੁੱਲ੍ਹਦੀ ਸ਼ਰਾਬ,
ਫਿੱਕਾ ਤੇਰੇ ਅੱਗੇ ਪੈੱਗ ਪਟਿਆਲਾ।
ਦਮੜੀ ਦਾ ਸੱਕ ਮਲਕੇ, ਮੁੰਡਾ ਪੱਟਤਾ ਮੁਰੱਬਿਆਂ ਵਾਲਾ  
ਅਤੇ ਉਪਮਾ ਅਲੰਕਾਰ ਦੀ ਉਦਾਹਰਣ ਵੀ ਵੇਖਦੇ ਹਾਂ:
ਜਿਦ-ਜਿਦ ਕੇ ਬੋਲੀਆਂ ਪਾਵੇਂ ਨੀ।
ਲੱਕ ਊਰੀ ਵਾਂਗ ਪਤਲਾ ਘੁਮਾਵੇਂ ਨੀ।  


ਨਾਗ ਵਾਂਗ ਫਿਰੋ ਅੱਜ ਮੇਹਲਦੀ,
ਨੀਲੇ ਨੈਣਾਂ ਵਿੱਚੋਂ ਤੀਰ ਤੂੰ ਚਲਾਵੇਂ ਨੀ ।
ਧਾਰੀ ਬੰਨ੍ਹ ਕੇ ਜੋ ਪਾਇਆ ਬਿੱਲੇ ਸੁਰਮਾਂ,
ਜਾਵੇ ਸੀਨਿਆਂ ਨੂੰ ਛਾਣ ਦਾ।
ਤੇਰੀ ਵੀ ਚੜ੍ਹਾਈ ਸਾਰੇ ਪਿੰਡ 'ਚ,
ਤੇ ਯਾਰਾਂ ਨੂੰ ਵੀ ਜੱਗ ਜਾਣਦਾ।  
ਅੰਤ ਵਿੱਚ ਇਕ ਹੋਰ ਉਦਾਹਰਣ ਪ੍ਰਤੀਕ ਵਰਤੋਂ ਦੀ:
ਮਹਿਕ ਵਾਂਗੂ ਜਦੋਂ ਲੰਘਦਾ ਸੀ ਕੋਲ ਦੀ,
ਸਾਹਾਂ ਦੀ ਸਿਤਾਰ ਸੀ ਤਰਾਨੇ ਛੇੜਦੀ।
ਤੇਰੇ ਪਿੱਛੋਂ ਬੁੱਲ੍ਹੀਆਂ ਨੂੰ ਹਾਸੇ ਭੁੱਲ ਗਏ,
ਹਰ ਵੇਲੇ ਰਹੇ ਤੇਰੀ ਯਾਦ ਘੇਰਦੀ,
ਸੱਚ ਜਾਣੀ ਖ਼ਤ ਕੋਈ ਪੁਰਾਣਾ ਪੜ੍ਹਕੇ,
ਆ ਜਾਂਦੈ ਸਾਹਾਂ ਵਿੱਚ ਸਾਹ ਸੱਜਣਾ।
ਖ਼ਾਬਾਂ ਵਿੱਚ....  
ਅੰਤ ਵਿੱਚ ਇਸ ਪੁਸਤਕ ਲਈ ਮੈਂ ਸ਼ੇਖਰ ਸਰ ਅਤੇ ਪੂਰੇ ਪਰਿਵਾਰ ਨੂੰ ਵਧਾਈ ਦੇਣਾ ਚਾਹੁੰਦੀ ਹਾਂ
ਭਾਵੇਂ ਕੋਸ਼ਿਸ਼ ਤੂੰ ਲੱਖ ਵਾਰ ਕਰੀਂ,
ਬਣ ਨੀਂਦ ਨੈਣਾਂ ਵਿੱਚ ਰੜਕਾਂਗੇ।
ਅਸੀਂ ਐਨੇ ਸੌਖੇ ਨਹੀਂ ਭੁਲਣੇ,
ਤੇਰੀ ਹਰ ਧੜਕਣ ਵਿੱਚ ਧੜਕਾਂਗੇ।


*ਡਾਕਟਰ ਸੰਦੀਪ ਰਾਣਾ*
*ਮੁਖੀ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ*
*ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ*
*ਤਲਵੰਡੀ ਸਾਬੋ*

Post a Comment

Previous Post Next Post