*ਪੰਜਾਬ ਭਵਨ, ਸਰੀ, ਕੈਨੇਡਾ ਦੇ ਉਪਰਾਲੇ ਸਦਕਾ ਰਾਜਸਥਾਨ ਵਿੱਚ ਹੋ ਰਹੀ ਪਹਿਲੀ ਰਾਸ਼ਟਰੀ ਬਾਲ ਲੇਖਕ ਕਾਨਫਰੰਸ
ਸੁੱਖੀ ਬਾਠ ਦੀ ਬਦੌਲਤ ਰਾਜਸਥਾਨ ਵਿੱਚ ਪੰਜਾਬੀ ਹੋਵੇਗੀ ਪ੍ਰਫ਼ੁੱਲਤ - ਡਾ. ਨਵਦੀਪ ਕੌਰ*
ਸ੍ਰੀ ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ, ਸਰੀ ਕੈਨੇਡਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਲਗਾਤਾਰ ਬਾਲ- ਲੇਖਕਾਂ ਨੂੰ ਸਾਹਿਤ ਨਾਲ਼ ਜੋੜਨ ਲਈ ਵੱਡੇ- -ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰੋਜੈਕਟ ਦੇ ਸੀਨੀਅਰ ਸਹਿ- ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਪਹਿਲਾਂ ਦੋ- ਰੋਜਾ ਅੰਤਰਰਾਸ਼ਟਰੀ ਬਾਲ- ਲੇਖਕ ਕਾਨਫਰੰਸ ਕਰਵਾਈ ਗਈ ਅਤੇ ਹੁਣ ਭਾਰਤ ਦੇ ਵੱਖ -ਵੱਖ ਰਾਜਾਂ ਵਿੱਚ ਵੀ ਪੰਜਾਬ ਭਵਨ, ਸਰੀ, ਕੈਨੇਡਾ ਵੱਲੋਂ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਤਹਿਤ 31 ਜਨਵਰੀ ਅਤੇ 1 ਫਰਵਰੀ 2025 ਨੂੰ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਵਿਖੇ ਦੋ -ਰੋਜ਼ਾ ਰਾਸ਼ਟਰੀ ਪੰਜਾਬੀ ਬਾਲ -ਲੇਖਕ ਅਤੇ ਸੱਭਿਆਚਾਰਕ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਵੱਡੇ ਸਾਹਿਤਕਾਰ ਪਹੁੰਚ ਰਹੇ ਹਨ। ਬੱਚਿਆਂ ਦੇ ਮੁਕਾਬਲਿਆਂ ਤੋਂ ਇਲਾਵਾ ਪੰਜਾਬੀ ਭਾਸ਼ਾ 'ਵਹਿੰਦਾ ਦਰਿਆ ਨਾਟਕ 'ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਭਵਨ, ਸਰੀ, ਕਨੇਡਾ ਦੀ ਸਮੁੱਚੀ ਟੀਮ ਅਤੇ ਪ੍ਰਬੰਧਕੀ ਟੀਮ ਰਾਜਸਥਾਨ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰੋਗਰਾਮ ਵਿੱਚ ਪਹੁੰਚ ਕੇ ਬਾਲ ਲੇਖਕਾਂ ਦਾ ਮਾਣ ਵਧਾ ਕੇ ਇਹਨਾਂ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰੋ।