ਬੇਸ਼ੱਕ ਅੱਜ ਸਾਡੇ ਦੇਸ਼ ਭਾਰਤ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਕੁਝ ਕੰਮਾਂ ਵਿਚ ਅਸੀਂ ਅੱਜ ਵੀ ਬਾਹਰਲੇ ਮੁਲਕਾਂ ਨਾਲੋਂ ਪਿੱਛੇ ਹਾਂ। ਅਸੀਂ ਅਕਸਰ ਹੀ ਬਾਹਰਲੇ ਮੁਲਕਾਂ ਦੀਆਂ ਫੋਟੋਆਂ ਤੇ ਵੀਡੀਓਜ਼ ਦੇਖ ਕੇ ਮੋਹਿਤ ਹੋ ਜਾਂਦੇ ਹਾਂ। ਸਾਨੂੰ ਦੂਜੇ ਦੇਸ਼ ਦੇਖਣ ਵਿਚ ਬੜੇ ਸੋਹਣੇ ਲੱਗਦੇ ਹਨ, ਜਿਸ ਦਾ ਵੱਡਾ ਕਾਰਨ ਓਥੋਂ ਦੀ ਸਫ਼ਾਈ ਹੀ ਹੈ। ਓਥੋਂ ਦੀਆਂ ਸਾਫ ਸੁਥਰੀਆਂ ਸੜਕਾਂ, ਬੱਸ ਸਟੈਂਡ, ਪਾਰਕ ਤੇ ਹੋਰ ਜਨਤਕ ਥਾਵਾਂ ਦੇਖ ਕੇ ਸਾਨੂੰ ਬੜਾ ਚੰਗਾ ਲਗਦਾ ਹੈ। ਪਰ ਜਦੋਂ ਅਸੀਂ ਆਪਣੇ ਆਲ਼ੇ ਦੁਆਲ਼ੇ ਸੜਕਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕ ਜਾਂ ਕਿਸੇ ਵੀ ਹੋਰ ਜਗ੍ਹਾ ਤੇ ਨਿਗ੍ਹਾ ਮਾਰਦੇ ਹਾਂ ਤਾਂ ਸਾਨੂੰ ਕੂੜਾ-ਕਰਕਟ ਆਮ ਹੀ ਪਿਆ ਦਿਖਾਈ ਦਿੰਦਾ ਹੈ। ਅਜਿਹਾ ਦੇਖ ਕੇ ਸਾਨੂੰ ਬੁਰਾ ਵੀ ਲੱਗਦਾ ਹੈ। ਅਸੀਂ ਇਹ ਸਭ ਦੇਖ ਕੇ ਮੂੰਹ ਬਣਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕਰਦੇ ਜਦਕਿ ਇਹ ਸਾਰੇ ਕੂੜੇ ਦੇ ਜ਼ਿੰਮੇਵਾਰ ਅਸੀਂ ਹੀ ਹਾਂ।
ਸਾਡੀ ਇਹ ਆਦਤ ਹੈ ਕਿ ਜਿੱਥੇ ਜੋ ਦੇਖਿਆ ਓਥੇ ਹੀ ਸੁੱਟ ਦਿੱਤਾ। ਦੇਖਦੇ ਹੀ ਦੇਖਦੇ ਹੋਰ ਲੋਕ ਵੀ ਓਥੇ ਹੀ ਕੂੜਾ ਸੁੱਟਣ ਲੱਗ ਜਾਂਦੇ ਹਨ। ਹੌਲ਼ੀ-ਹੌਲ਼ੀ ਥੋੜ੍ਹਾ ਜਿਹਾ ਕੂੜਾ, ਕੂੜੇ ਦੇ ਢੇਰ ਵਿੱਚ ਤੇ ਫੇਰ ਕੂੜੇ ਦੇ ਪਹਾੜ ਵਿਚ ਬਦਲ ਜਾਂਦਾ ਹੈ। 'ਕੂੜੇ ਦਾ ਪਹਾੜ' ਸ਼ਬਦ ਸੁਣ ਕੇ ਤੁਹਾਨੂੰ ਅਜੀਬ ਲੱਗਿਆ ਹੋਵੇਗਾ, ਪਰ ਦੋਸਤੋ ਇਹ ਸੱਚ ਹੈ। ਦੁਨੀਆਂ ਦਾ ਸਭ ਤੋਂ ਵੱਡਾ ਕੂੜੇ ਦਾ ਪਹਾੜ ਦਿੱਲੀ ਦੇ ਗਾਜੀਪੁਰ ਵਿਚ ਹੈ ਜੋ ਕਿ 70 ਏਕੜ ਵਿੱਚ ਫੈਲਿਆ ਹੋਇਆ ਹੈ। ਇਸਦੀ ਉਚਾਈ ਦਿੱਲੀ ਦੇ ਕੁਤਬ ਮੀਨਾਰ ਦੇ ਲਗਭਗ ਹੈ। ਇਸ ਤੋਂ ਬਿਨਾਂ ਭਾਰਤ ਵਿੱਚ ਕੂੜੇ ਦੇ ਵੱਡੇ-ਵੱਡੇ ਪਹਾੜ ਮੁੰਬਈ ਦੇ ਦੇਵਨਾਰ ਅਤੇ ਨਾਗਪੁਰ ਦੇ ਭੰਡੇਵਾੜੀ ਵਿੱਚ ਵੀ ਹਨ। ਮੁੰਬਈ ਦੇਵਨਾਰ ਵਿੱਚ ਸਾਲ 2016 ਵਿਚ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ ਸੀ ਜੋ ਕਿ ਕਈ ਮਹੀਨਿਆਂ ਤੱਕ ਸੁਲਘਦੀ ਰਹੀ। ਇਸ ਦਾ ਧੂਆਂ ਆਲੇ ਦੁਆਲੇ ਦੇ ਖੇਤਰਾਂ ਵਿੱਚ ਫੈਲ ਗਿਆ। ਜਿਸ ਨਾਲ ਲੋਕਾਂ ਨੂੰ ਸਾਹ ਦੀਆਂ ਬਿਮਾਰੀਆ ਦਾ ਸਾਹਮਣਾ ਕਰਨਾ ਪਿਆ।
ਇਨਾ ਪਹਾੜਾਂ ਤੋਂ ਬਿਨਾਂ ਸਾਡੇ ਆਪਣੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਵੀ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਦੇਖਣ ਨੂੰ ਆਮ ਤੌਰ ਤੇ ਮਿਲ ਹੀ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਕੂੜੇ ਦੇ ਢੇਰ ਦੀ ਵੀ ਜਗ੍ਹਾ ਬਦਲਦੀ ਹੈ ਪਰ ਅਫਸੋਸ ਸਾਡੇ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ। ਪਤਾ ਨਹੀਂ ਕਿੰਨੇ ਸਾਲ ਤੱਕ ਕੂੜਾ ਉਥੇ ਹੀ ਪਿਆ ਰਹਿੰਦਾ ਹੈ ਅਤੇ ਵੱਡੇ ਢੇਰ ਦਾ ਰੂਪ ਲੈ ਲੈਂਦਾ ਹੈ ਜਿਸ ਨਾਲ ਸਾਡੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਉਸ ਵਿੱਚ ਮੱਛਰ ਮੱਖੀਆਂ ਪੈਦਾ ਹੁੰਦੇ ਹਨ ਅਤੇ ਬਿਮਾਰੀਆਂ ਫੈਲਾਉਂਦੇ ਹਨ। ਸਾਡੇ ਪੜ੍ਹੇ-ਲਿਖੇ ਕਹਾਏ ਜਾਣ ਵਾਲੇ ਸਮਾਜ ਵਿੱਚ ਇਸ ਦੇ ਨਿਪਟਾਰੇ ਲਈ ਅਜੇ ਬਹੁਤੇ ਯਤਨ ਨਹੀਂ ਕੀਤਾ ਗਏ। ਸਰਕਾਰਾਂ ਦੇ ਨਾਲ਼-ਨਾਲ਼ ਆਮ ਲੋਕਾਂ ਨੂੰ ਵੀ ਇਸ ਬਾਰੇ ਬਹੁਤ ਜਾਗਰੂਕ ਹੋਣ ਅਤੇ ਕੰਮ ਕਰਨ ਦੀ ਲੋੜ ਹੈ।
ਜਿਨ੍ਹਾਂ ਥਾਵਾਂ ਤੇ ਕੂੜੇ ਦੇ ਢੇਰ ਹਨ, ਉਸਦੇ ਨੇੜੇ ਰਹਿਣ ਵਾਲੇ ਲੋਕ ਸਭ ਤੋਂ ਵੱਧ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਬੇਸ਼ਕ ਭਾਰਤ ਸਰਕਾਰ ਵੱਲੋਂ ਪਲਾਸਟਿਕ ਬੇਸਡ ਮੈਨੇਜਮੈਂਟ 2016 ਵਿੱਚ ਬਣਾਇਆ ਤੇ 2018 ਵਿੱਚ ਉਸਨੂੰ ਲਾਗੂ ਵੀ ਕੀਤਾ ਗਿਆ। ਬਾਇਓ ਮੈਡੀਕਲ ਵੇਸਟ ਰੂਲ 2016 ਵਿੱਚ ਦਿੱਲੀ ਵਿੱਚ ਬਣਾਇਆ ਗਿਆ। ਬੇਸ਼ਕ ਭਾਰਤ ਸਰਕਾਰ ਵੱਲੋਂ ਠੋਸ ਕੂੜਾ ਪ੍ਰਬੰਧਨ ਨਿਯਮ 2016, ਪਲਾਸਟਿਕ ਕੂੜਾ ਪ੍ਰਬੰਧਨ ਨਿਯਮ 2016 ਅਤੇ ਈ-ਕੂੜਾ ਪ੍ਰਬੰਧਨ ਨਿਯਮ 2022 ਬਣਾਏ ਗਏ ਅਤੇ ਲਾਗੂ ਵੀ ਕੀਤੇ ਗਏ। ਇਨਾ ਨਿਯਮਾਂ ਦਾ ਉਦੇਸ਼ ਕੂੜੇ ਨੂੰ ਘੱਟ ਕਰਨਾ, ਦੁਬਾਰਾ ਉਪਯੋਗ ਕਰਨਾ, ਪੁਨਰ ਚੱਕਰ ਕਰਨਾ ਤੇ ਸੁਰੱਖਿਅਤ ਤਰੀਕੇ ਨਾਲ ਨਿਪਟਾਰਾ ਕਰਨਾ ਹੈ। ਇਸ ਤੋਂ ਬਿਨਾਂ ਵੀ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਅਭਿਆਨ ਵੀ ਚਲਾਇਆ ਗਿਆ। ਪਰ ਸਚਾਈ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹਨਾਂ ਨਿਯਮਾਂ ਨੂੰ ਕਿੰਨਾ ਕੁ ਲਾਗੂ ਕੀਤਾ ਜਾਂਦਾ ਹੈ ਤੇ ਭਾਰਤੀ ਲੋਕਾਂ ਵੱਲੋਂ ਕਿੰਨਾ ਕੁ ਅਪਣਾਇਆ ਜਾਂਦਾ ਹੈ। ਸਰਕਾਰ ਸਿਰਫ ਨਿਯਮ ਲਾਗੂ ਕਰਦੀ ਹੈ ਪਰ ਉਸਨੂੰ ਮੰਨਣਾ ਸਾਡੀ ਜ਼ਿੰਮੇਵਾਰੀ ਹੈ।
ਇਸ ਲਈ ਸਾਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਅਸੀਂ ਇਧੱਰ ਉਧੱਰ ਕੂੜਾ ਨਹੀਂ ਸੁੱਟਾਂਗੇ। ਜੋ ਪ੍ਰਸ਼ਾਸਨ ਵੱਲੋਂ ਜਗ੍ਹਾ ਨਿਰਧਾਰਤ ਕੀਤੀ ਜਾਂਦੀ ਹੈ ਉੱਥੇ ਹੀ ਸਾਨੂੰ ਕੂੜਾ ਕਰਕਟ ਸੁੱਟਣਾ ਚਾਹੀਦਾ ਹੈ ਅਤੇ ਜਿੰਮੇਵਾਰ ਨਾਗਰਿਕ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ।
ਜਗ੍ਹਾ ਜਗ੍ਹਾ ਤੇ ਰੱਖੇ ਗਏ ਵੱਖ ਵੱਖ ਰੰਗਾਂ ਦੇ ਕੂੜੇ ਵਾਲੇ ਡੱਬਿਆਂ ਵਿਚ ਹੀ ਕੂੜਾ ਸੁੱਟਣਾ ਚਾਹੀਦਾ ਹੈ। ਜਿਵੇਂ ਕਿ ਨੀਲੇ ਰੰਗ ਚ ਕਾਗਜ਼ ਆਦਿ, ਹਰੇ ਰੰਗ ਵਿਚ ਕੱਚ ਦਾ ਸਮਾਨ, ਪੀਲੇ ਰੰਗ ਵਿਚ ਪਲਾਸਟਿਕ ਦਾ ਸਮਾਨ ਅਤੇ ਲਾਲ ਰੰਗ ਵਿਚ ਲੋਹੇ ਆਦਿ ਦਾ ਸਮਾਨ ਸੁੱਟਣਾ ਚਾਹੀਦਾ ਹੈ, ਤਾਂ ਜੋ ਇਸਦਾ ਪੁਨਰਚੱਕਰ ਹੋ ਸਕੇ ਭਾਵ ਇਸ ਲੋਹੇ ਅਤੇ ਪਲਾਸਟਿਕ ਵਾਲੇ ਕੂੜੇ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕੇ।
ਕੂੜਾ ਕਈ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਕਿ ਠੋਸ ਕੂੜਾ ਜੋ ਸਾਡੇ ਘਰਾਂ ਅਤੇ ਉਦਯੋਗਿਕ ਸਥਾਨਾਂ ਤੋਂ ਨਿਕਲਦਾ ਹੈ। ਤਰਲ ਕੂੜੇ ਵਿੱਚ ਫੈਕਟਰੀਆਂ ਤੋਂ ਨਿਕਲਦਾ ਗੰਦਾ ਪਾਣੀ ਆਦਿ ਹੈ। ਜੈਵਿਕ ਕੂੜੇ ਵਿੱਚ ਪੌਦਿਆਂ ਅਤੇ ਜਾਨਵਰਾਂ ਦੀ ਰਹਿੰਦ ਖੂੰਹਦ ਸ਼ਾਮਿਲ ਹੈ। ਇਸ ਤੋਂ ਅਗਲੀ ਕਿਸਮ ਈ-ਕੂੜਾ ਹੈ , ਇਸ ਵਿੱਚ ਪੁਰਾਣੇ ਬਿਜਲੀ ਨਾਲ ਸੰਬੰਧਿਤ ਸਮਾਨ ਜਿਵੇਂ ਕੰਪਿਊਟਰ, ਮੋਬਾਈਲ ਫੋਨ ਅਤੇ ਟੀ.ਵੀ. ਆਦਿ ਸ਼ਾਮਿਲ ਹਨ। ਇਸ ਸਭ ਤਰ੍ਹਾਂ ਦੇ ਕੂੜੇ ਨੂੰ ਅਲੱਗ ਅਲੱਗ ਜਗ੍ਹਾ ਸੁੱਟਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਸਾਡੀਆਂ ਨੌਜਵਾਨ ਸੰਸਥਾਵਾਂ ਨੂੰ ਇਸ ਕੰਮ ਲਈ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਜੇਕਰ ਹਰ ਇੱਕ ਮਨੁੱਖ ਆਪਣੇ ਆਲ਼ੇ-ਦੁਆਲ਼ੇ ਨੂੰ ਸਾਫ ਰੱਖੇਗਾ ਤਾਂ ਹੀ ਸਾਡਾ ਦੇਸ਼ ਤੰਦਰੁਸਤ ਹੋਵੇਗਾ ਅਤੇ ਸਵੱਛ ਹੋਵੇਗਾ।
ਲੇਖਕ- ਮਨਪ੍ਰੀਤ ਸਿੰਘ ਅਜਨੌਦਾ