ਸੇਵਾ, ਸਿਮਰਨ ਤੇ ਸੁਰਾਂ ਦਾ ਸੁਮੇਲ – ਭਾਈ ਸੇਵਾ ਸਿੰਘ ਜੀ ਮੁਕੇਰੀਆਂ ਵਾਲੇ

ਸੇਵਾ, ਸਿਮਰਨ ਤੇ ਸੁਰਾਂ ਦਾ ਸੁਮੇਲ – ਭਾਈ ਸੇਵਾ ਸਿੰਘ ਜੀ ਮੁਕੇਰੀਆਂ ਵਾਲੇ
ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿੱਚ, ਜਿੱਥੇ ਨੌਜਵਾਨੀ ਅਕਸਰ ਚਮਕ-ਦਮਕ ਦੇ ਪਿੱਛੇ ਦੌੜਦੀ ਨਜ਼ਰ ਆਉਂਦੀ ਹੈ, ਉੱਥੇ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਗੁਰਬਾਣੀ ਨੂੰ ਆਪਣਾ ਆਸਰਾ ਬਣਾਕੇ ਸੇਵਾ ਦੇ ਰਾਹ ‘ਤੇ ਡਟੇ ਹੋਏ ਹਨ। ਉੱਚੇ-ਲੰਮੇ ਕੱਦ ਅਤੇ ਸੋਹਣੇ ਸਿੱਖੀ ਸਰੂਪ ਵਾਲੇ ਨੌਜਵਾਨ ਕੀਰਤਨੀਏ ਭਾਈ ਸੇਵਾ ਸਿੰਘ ਜੀ ਵੀ ਉਹਨਾਂ ਗਿਣੇ-ਚੁਣੇ ਨੌਜਵਾਨਾਂ ਵਿੱਚ ਸ਼ਾਮਲ ਹਨ। ਸਾਦਗੀ ਉਨ੍ਹਾਂ ਦੀ ਪਹਿਚਾਣ ਹੈ ਅਤੇ ਨਿਮਰਤਾ ਉਨ੍ਹਾਂ ਦਾ ਗਹਿਣਾ।
ਪਿਤਾ ਸ. ਸਤਨਾਮ ਸਿੰਘ ਅਤੇ ਮਾਤਾ ਸ੍ਰੀਮਤੀ ਜਸਵਿੰਦਰ ਕੌਰ ਦੇ ਹੋਣਹਾਰ ਸਪੁੱਤਰ ਭਾਈ ਸੇਵਾ ਸਿੰਘ ਜੀ ਇਸ ਗੱਲ ਦੀ ਮਿਸਾਲ ਹਨ ਕਿ ਜੇ ਨੀਅਤ ਸਾਫ਼ ਹੋਵੇ, ਚਰਿੱਤਰ ਉੱਚਾ ਹੋਵੇ ਅਤੇ ਗੁਰਬਾਣੀ ਜੀਵਨ ਦਾ ਕੇਂਦਰ ਬਣ ਜਾਵੇ, ਤਾਂ ਨੌਜਵਾਨੀ ਵੀ ਇਬਾਦਤ ਬਣ ਸਕਦੀ ਹੈ। ਉਹ ਪੰਜ ਭੈਣਾਂ ਦੇ ਸਭ ਤੋਂ ਛੋਟੇ ਅਤੇ ਲਾਡਲੇ ਭਰਾ ਹਨ। ਨਿੱਘਾ ਸੁਭਾਅ, ਨੂਰਾਨੀ ਚਿਹਰਾ ਅਤੇ ਸ਼ਹਿਦ ਵਰਗੇ ਬੋਲ ਮਿਲ ਕੇ ਉਹਨਾਂ ਦੀ ਵਿਲੱਖਣ ਸ਼ਖ਼ਸੀਅਤ ਨੂੰ ਉਭਾਰਦੇ ਹਨ।
ਭਾਈ ਸੇਵਾ ਸਿੰਘ ਜੀ ਦੀ ਅੰਦਰਲੀ ਅਵਸਥਾ ਨਾਮ ਅਤੇ ਬੰਦਗੀ ਨਾਲ ਭਰਪੂਰ ਹੈ, ਜੋ ਚਿਹਰੇ ‘ਤੇ ਨੂਰ ਵਾਂਗ ਝਲਕਦੀ ਹੈ। ਜਦੋਂ ਭਾਈ ਸੇਵਾ ਸਿੰਘ ਜੀ ਰਾਗ ਵਿੱਚ ਬਾਣੀ ਉਚਾਰਦੇ ਹਨ, ਤਾਂ ਮਾਹੌਲ ਵਿੱਚ ਇਕ ਅਜਿਹੀ ਲਹਿਰ ਦੌੜਦੀ ਹੈ ਜੋ ਮਨ ਦੀ ਉਥਲ-ਪੁਥਲ ਨੂੰ ਸ਼ਾਂਤ ਕਰ ਦਿੰਦੀ ਹੈ।
ਸੇਵਾ ਸਿੰਘ ਜੀ ਦੱਸਦੇ ਹਨ ਕਿ ਉਨ੍ਹਾਂ ਨੂੰ ਕੀਰਤਨ ਦੀ ਪ੍ਰੇਰਣਾ ਆਪਣੇ ਪਰਿਵਾਰਿਕ ਮਾਹੌਲ ਤੋਂ ਮਿਲੀ। ਉਹਨਾਂ ਦੇ ਪਿਤਾ ਜੀ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਹੈੱਡ ਗ੍ਰੰਥੀ ਦੀ ਪਵਿੱਤਰ ਸੇਵਾ ਨਿਭਾਉਣ ਮਗਰੋਂ ਅੱਜ ਵੀ ਗੁਰੂ ਘਰ ਦੀ ਸੇਵਾ ਵਿੱਚ ਸਰਗਰਮ ਹਨ। ਭਾਈ ਸੇਵਾ ਸਿੰਘ ਜੀ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ, ਤਾਂ ਆਪਣੇ ਪਿਤਾ ਜੀ ਨਾਲ ਤਬਲਾ ਵਜਾਉਂਦੇ ਹੁੰਦੇ ਸਨ, ਪਰ ਤਬਲੇ ਵੱਲ ਉਹਨਾਂ ਦਾ ਇੰਨਾ ਰੁਝਾਨ ਨਹੀਂ ਸੀ ਜਿੰਨਾ ਹਰਮੋਨੀਅਮ ਵੱਲ ਸੀ। ਗਿਆਰਵੀਂ ਕਲਾਸ ਵਿੱਚ ਉਹਨਾਂ ਨੇ ਆਪਣੇ ਪਿਤਾ ਜੀ ਕੋਲੋਂ ਹੀ ਹਰਮੋਨੀਅਮ ਸਿੱਖਣਾ ਸ਼ੁਰੂ ਕੀਤਾ।
ਆਪਣੇ ਗਤਕੇ ਦੇ ਉਸਤਾਦ ਭਾਈ ਮਨਦੀਪ ਸਿੰਘ ਖਾਲਸਾ ਜੀ ਦੀ ਸਲਾਹ ਨਾਲ ਉਨ੍ਹਾਂ ਨੇ ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਮਿਊਜ਼ਿਕ ਦੀ ਬੀ.ਏ. ਕੀਤੀ ਅਤੇ ਪ੍ਰੋਫੈਸਰ ਸਰਦਾਰ ਗੁਰਪਿੰਦਰ ਸਿੰਘ ਜੀ ਤੋਂ ਸੰਗੀਤ ਸਿੱਖਣਾ ਸ਼ੁਰੂ ਕੀਤਾ।
ਭਾਈ ਸੇਵਾ ਸਿੰਘ ਜੀ ਨੂੰ ਨੌਂ ਰਾਗਾਂ ਬਾਰੇ ਜਾਣਕਾਰੀ ਹੈ ਅਤੇ ਉਹ ਨਿਰੰਤਰ ਸਿਖਲਾਈ ਲੈ ਰਹੇ ਹਨ। ਬਾਕੀ ਰਾਗਾਂ ਦਾ ਰਿਆਜ਼ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਅਤੇ ਭਾਈ ਜਸਪਾਲ ਸਿੰਘ ਜੀ ਮੁਕੇਰੀਆਂ ਤੋਂ ਸਿੱਖ ਕੇ ਕਰ ਰਹੇ ਹਨ। ਇਸ ਸਮੇਂ ਭਾਈ ਸੇਵਾ ਸਿੰਘ ਜੀ ਮੁਕੇਰੀਆਂ ਵਿਖੇ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਵਿਖੇ ਹੈੱਡ ਗ੍ਰੰਥੀ ਵਜੋਂ ਅਤੇ ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾ ਰਹੇ ਹਨ। ਆਪਣੀਆਂ ਡਿਊਟੀਆਂ ਦੇ ਬਾਵਜੂਦ ਉਹ ਸਵੇਰੇ-ਸ਼ਾਮ ਰਿਆਜ਼ ਕਰਦੇ ਹਨ, ਕਿਉਂਕਿ ਕੀਰਤਨ ਉਹਨਾਂ ਦੀ ਰੂਹ ਦੀ ਖੁਰਾਕ ਹੈ।
ਅੱਜ ਉਹਨਾਂ ਦੇ ਮਾਤਾ ਜੀ ਭਾਵੇਂ ਸਰੀਰਕ ਤੌਰ ‘ਤੇ ਇਸ ਦੁਨੀਆਂ ਵਿੱਚ ਨਹੀਂ ਹਨ, ਪਰ ਕੀਰਤਨ ਦੀ ਹਾਜ਼ਰੀ ਤੋਂ ਬਾਅਦ ਜਿਵੇਂ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਗਲਵੱਕੜੀ ਵਿੱਚ ਲੈ ਕੇ ਅਸੀਸਾਂ ਦਿੰਦੇ ਹੁੰਦੇ ਸਨ, ਉਵੇਂ ਹੀ ਉਹ ਸੰਗਤ ਦੀਆਂ ਅਸੀਸਾਂ ਵਿੱਚੋਂ ਆਪਣੇ ਮਾਤਾ ਜੀ ਦੇ ਪਿਆਰ ਦਾ ਨਿੱਘ ਮਹਿਸੂਸ ਕਰਦੇ ਹਨ। ਉਹ ਮੁਟਿਆਰ ਬਹੁਤ ਖੁਸ਼ਨਸੀਬ ਹੋਵੇਗੀ, ਜਿਸਦਾ ਸਾਥ ਸਿਰਫ਼ ਸੁਰਾਂ ਦੀ ਮਿਠਾਸ ਨਾਲ ਨਹੀਂ, ਸਗੋਂ ਗੁਰਬਾਣੀ ਦੇ ਅਮਰ ਸਿਧਾਂਤਾਂ ਨਾਲ ਵੀ ਹੋਵੇਗਾ ਅਤੇ ਜਿਸਨੂੰ ਸੱਚੀ-ਸੁੱਚੀ ਤੇ ਬੰਦਗੀ ਨਾਲ ਜੁੜੀ ਰੂਹ ਭਾਈ ਸੇਵਾ ਸਿੰਘ ਜੀ ਦਾ ਸਾਥ ਮਿਲੇਗਾ।
ਹੈੱਡ ਗ੍ਰੰਥੀ ਵਜੋਂ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਸਾਹਿਬ ਮੁਕੇਰੀਆਂ ਵਿਖੇ ਹਰ ਸੰਗਰਾਂਦ ਨੂੰ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਕੀਰਤਨੀ ਅਤੇ ਕਵੀਸ਼ਰੀ ਜਥਿਆਂ ਨੂੰ ਸਤਿਕਾਰ ਸਹਿਤ ਸੱਦਾ ਦੇਣਾ, ਅਤੇ ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਬੰਧਕਾਂ ਅਤੇ ਸੁਖਮਨੀ ਸਾਹਿਬ ਸੋਸਾਇਟੀ ਦੇ ਸਹਿਯੋਗ ਨਾਲ ਸਾਲ ਭਰ ਗੁਰਪੁਰਬ ਅਤੇ ਹੋਰ ਪਾਵਨ ਮੌਕਿਆਂ ‘ਤੇ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਦਾ ਆਯੋਜਨ ਕਰਕੇ, ਗਤਕਾ ਪਾਰਟੀਆਂ ਦੀ ਅਗਵਾਈ ਕਰਦੇ ਹੋਏ ਜਿੱਥੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦੀ ਮਹਾਨ ਸੇਵਾ ਭਾਈ ਸੇਵਾ ਸਿੰਘ ਜੀ ਬਾਖੂਬੀ ਨਿਭਾਉਂਦੇ ਹਨ, ਓਥੇ ਉਨ੍ਹਾਂ ਦਾ ਮਕਸਦ ਨਵੀਂ ਪਨੀਰੀ ਵਿੱਚ ਵੀ ਨਿਮਰਤਾ, ਸੇਵਾ, ਗੁਰਬਾਣੀ ਪ੍ਰਤੀ ਪ੍ਰੇਮ ਅਤੇ ਚੜ੍ਹਦੀ ਕਲਾ ਪੈਦਾ ਕਰਨਾ ਹੈ। ਬੱਚੇ ਉਨ੍ਹਾਂ ਦੇ ਨਾਲ ਹਰਮੋਨੀਅਮ ਅਤੇ ਗੁਰਬਾਣੀ ਦੇ ਅਭਿਆਸ ਵਿੱਚ ਭਾਗ ਲੈਂਦੇ ਹਨ ਅਤੇ ਗਤਕਾ ਖੇਡਦੇ ਹਨ।
ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਭਾਈ ਸੇਵਾ ਸਿੰਘ ਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੜ੍ਹ-ਪੀੜਤਾਂ ਦੀ ਨਿਸ਼ਕਾਮ ਮਦਦ ਕਰਕੇ ਮਨੁੱਖਤਾ ਦੀ ਰੌਸ਼ਨ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਆਪ ਨਾਮ ਜਪਿਆ, ਅਨੇਕ ਸੰਗਤਾਂ ਨੂੰ ਨਾਮ ਨਾਲ ਜੋੜਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ।
ਅਣਗਿਣਤ ਧਾਰਮਿਕ ਮੰਚਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਭਾਈ ਸੇਵਾ ਸਿੰਘ ਜੀ ਦੀ ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਗੁਰਦਾਸਪੁਰ ਤੋਂ ਇਲਾਵਾ ਪੂਨੇ, ਮੁੰਬਈ ਅਤੇ ਉੱਤਰ ਪ੍ਰਦੇਸ਼ ਵਿਖੇ ਅਨੇਕਾਂ ਸਟੇਜਾਂ ‘ਤੇ ਕੀਰਤਨ ਰਾਹੀਂ ਹਾਜ਼ਰੀ ਅਤੇ ਵੱਡੇ ਹੋਰਡਿੰਗਾਂ ‘ਤੇ ਲੱਗੀਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਉਹਨਾਂ ਵਰਗੇ ਨੌਜਵਾਨ ਸਿੱਖੀ ਦਾ ਚਮਕਦਾ ਭਵਿੱਖ ਹਨ ਅਤੇ ਜਲਦੀ ਹੀ ਉਹ ਹੋਰ ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਪ੍ਰਭਾਵਸ਼ਾਲੀ ਹਾਜ਼ਰੀ ਦਰਜ ਕਰਨਗੇ।
ਅੱਜ ਜਦੋਂ ਸਮਾਜ ਨੂੰ ਆਦਰਸ਼ਾਂ ਦੀ ਲੋੜ ਹੈ, ਤਦ ਅਜਿਹੇ ਨੌਜਵਾਨ ਹੀ ਚਾਨਣ ਮੁਨਾਰਾ ਬਣਦੇ ਹਨ। ਭਾਈ ਸੇਵਾ ਸਿੰਘ ਜੀ ਵਰਗੇ ਸੁਰੀਲੇ ਕੀਰਤਨੀਏ ਦਰਸਾਉਂਦੇ ਹਨ ਕਿ ਜੇ ਨੌਜਵਾਨੀ ਗੁਰਬਾਣੀ ਨਾਲ ਜੁੜ ਜਾਵੇ, ਤਾਂ ਉਹ ਸਿਰਫ਼ ਆਪਣਾ ਜੀਵਨ ਹੀ ਨਹੀਂ, ਸਗੋਂ ਸਮਾਜ ਦਾ ਮਾਹੌਲ ਵੀ ਰੌਸ਼ਨ ਕਰ ਸਕਦੀ ਹੈ। ਭਾਵੇਂ ਭਾਈ ਸੇਵਾ ਸਿੰਘ ਜੀ ਨੇ ਛੋਟੀ ਉਮਰ ਤੋਂ ਲੈ ਕੇ ਅੱਜ ਤੱਕ ਸਿੱਖੀ ਲਈ ਅਨੇਕ ਸੇਵਾਵਾਂ ਨਿਭਾਈਆਂ ਹਨ, ਪਰ ਉਹ ਕਦੇ ਵੀ ਆਪਣੀ ਸੇਵਾ ਨੂੰ ਜਤਾਉਂਦੇ ਨਹੀਂ। ਉਹ ਹਰ ਉਪਲਬਧੀ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਮੰਨਦੇ ਹਨ।
ਦੁਆ ਹੈ ਕਿ ਇਹ ਰੂਹਾਨੀ ਸਫ਼ਰ ਇਉਂ ਹੀ ਜਾਰੀ ਰਹੇ ਅਤੇ ਉਨ੍ਹਾਂ ਦੇ ਸੁਰ ਅਨੇਕਾਂ ਦਿਲਾਂ ਵਿੱਚ ਨਾਮ ਦੀ ਜੋਤ ਜਗਾਉਂਦੇ ਰਹਿਣ।
ਵੱਲੋਂ: ਗੁਰਪ੍ਰੀਤ ਪ੍ਰੀਤ ਹੈਪੀ ਸਹੋਤਾ
ਮੋਬਾਈਲ: 98558-13187

Post a Comment

Previous Post Next Post