ਅਰਦਾਸ

ਅਰਦਾਸ
ਤੇਰੀ ਰਹਿਮਤ ਬਿਨਾ ਅਸੀਂ ਕੁਝ ਵੀ ਨਹੀਂ,
ਤੇਰੇ ਚਰਨਾਂ ਵਿੱਚ ਸਾਡੀ ਅਰਦਾਸ ਦਾਤਾ।
ਨਾਮ ਸਿਮਰਨ ਵਿੱਚ ਹਰਦਮ ਲੀਨ ਰਹੀਏ,
ਬਿਰਥਾ ਜਾਵੇ ਨਾ ਕੋਈ ਵੀ ਸੁਆਸ ਦਾਤਾ।

ਸਦਾ ਭਾਣੇ ਨੂੰ ਮੰਨਣ ਦਾ ਬਲ ਬਖ਼ਸ਼ੋ,
ਕਦੇ ਡੋਲੇ ਨਾ ਸਾਡਾ ਵਿਸ਼ਵਾਸ ਦਾਤਾ।
ਬੰਧਨ ਹਉਮੈ ਦੇ ਸਾਰੇ ਹੀ ਤੋੜ ਦੇਣਾ,
ਮਨ ਵਿੱਚ ਹੋਵੇ ਸਹਿਜ ਨਿਵਾਸ ਦਾਤਾ।

ਪੰਜ ਵਿਕਾਰਾਂ ’ਤੇ ਕਰੀਏ ਜਿੱਤ ਹਾਸਲ,
ਨਿੱਤ ਨਾਮ ਦਾ ਕਰੀਏ ਅਭਿਆਸ ਦਾਤਾ।
ਰਹਿਮਤਾਂ ਬਖ਼ਸ਼ ਕੇ ਝੋਲੀਆਂ ਭਰ ਦਿਓ,
ਅਰਜ਼ੀ ਲਾਈ ਅੱਜ ਤੇਰੇ ਪਾਸ ਦਾਤਾ।

ਸਾਡੀ ਰਸਨਾ ’ਤੇ ਸਦਾ ਤੇਰਾ ਨਾਮ ਰਹੇ,
ਨੈਣਾਂ ਨੂੰ ਸਦਾ ਦਰਸ਼ਨ ਦੀ ਪਿਆਸ ਦਾਤਾ।
ਮਿਹਰਾਂ ਵਾਲਿਆ ਸਾਡੇ ‘ਤੇ ਤਰਸ ਕਰਕੇ,
ਸਾਰੇ ਦੁੱਖਾਂ ਦਾ ਕਰ ਦੇਣਾ ਨਾਸ ਦਾਤਾ।

ਜੀਵਨ ਹੋਵੇ ਗੁਰਮਤ ਅਨੁਸਾਰ ਸਾਡਾ,
ਤੇ ਕਾਰਜ ਸਾਰੇ ਹੋ ਜਾਣ ਰਾਸ ਦਾਤਾ।
ਚੜਦੀ ਕਲਾ ਦੀ ਖੈਰ ਪਾ ਦਿਓ ਝੋਲੀ,
‘ਪ੍ਰੀਤ’ ਅਸੀਂ ਹਾਂ ਬੰਦੇ ਤੁਹਾਡੇ ਖਾਸ ਦਾਤਾ।

ਮਨਦੀਪ ਕੌਰ ਪ੍ਰੀਤ ,ਮੁਕੇਰੀਆਂ
ਜ਼ਿਲ੍ਹਾ ਹੁਸ਼ਿਆਰਪੁਰ

Post a Comment

Previous Post Next Post