ਬੱਚਿਆਂ ਨੂੰ ਮਾਂ ਬੋਲੀ ਨਾਲ ਕਿਵੇਂ ਜੋੜਿਆ ਜਾਵੇ,
ਤੁਸੀਂ ਚਹੁੰਦੇ ਹੋ ਕਿ ਤੁਹਾਡੇ ਬੱਚੇ ਤੇਜ ਦਿਮਾਗ ਅਤੇ ਸਰਵਪੱਖੀ ਵਿਅਕਤਿਤਵ ਦੇ ਮਾਲਕ ਬਣਨ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਮਾਂ-ਬੋਲੀ ਚੰਗੇ ਢੰਗ ਨਾਲ਼ ਸਿਖਾਓ। ਉਹਨਾਂ ਦਾ ਸ਼ਬਦ ਭੰਡਾਰ ਅਮੀਰ ਕਰਨ ਲਈ ਸੁਚੇਤ ਕੋਸ਼ਿਸ਼ਾਂ ਕਰੋ। ਬੱਚੇ ਇਸ ਦੁਨਿਆਵੀ ਪਸਾਰੇ ਨੂੰ ਸਮਝਣ ਅਤੇ ਇਸ ਵਿਚਲੀਆਂ ਚੀਜ਼ਾਂ ਬਾਰੇ ਜਾਣਕਾਰੀ ਤੋਂ ਵਿਹੂਣੇ ਹੁੰਦੇ ਹਨ। ਕੁੱਝ ਸਮਾਂ ਪਹਿਲਾਂ ਹੀ ਤਾਂ ਉਹ ਇਸ ਸੰਸਾਰ ’ਚ ਆਏ ਹਨ, ਇਹਨਾਂ ਨਵੇਂ ਮਨੁੱਖਾਂ ਨੂੰ ਇਸ ਅਨੰਤ ਵਿਸਥਾਰ ਬਾਰੇ ਜਾਨਣ ਲਈ ਬਾਲਗਾਂ ਵੱਲੋਂ ਮਦਦ ਦੀ ਲੋੜ ਹੁੰਦੀ ਹੈ। ਜੇ ਅਸੀਂ ਬੱਚੇ ਨੂੰ ਵੱਖੋ-ਵੱਖਰੇ ਜਜ਼ਬਾਤਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਨ, ਵੱਖੋ-ਵੱਖਰੀਆਂ ਚੀਜ਼ਾਂ, ਪ੍ਰਜਾਤੀਆਂ ਅਤੇ ਸਮੁੱਚੇ ਜਗਤ ਪਸਾਰੇ ਨੂੰ ਸਮਝਣ ਲਈ ਸ਼ਬਦਾਂ ਤੋਂ ਜਾਣੂ ਨਹੀਂ ਕਰਵਾਉਂਦੇ ਤਾਂ ਅਸੀਂ ਮਨੁੱਖਤਾ ਦੀ ਨਵੀਂ ਪੀੜ੍ਹੀ ਨਾਲ਼ ਬੇਇਮਾਨੀ ਕਰ ਰਹੇ ਹਾਂ। ਜਰਾ ਸੋਚੋ! ਜੇ ਸਾਡੇ ਕੋਲ਼ ਆਪਣੇ ਮਨ ਦੀ ਕੋਈ ਗੱਲ ਕਹਿਣ ਲਈ ਸਹੀ ਸ਼ਬਦ ਨਾ ਹੋਣ ਤਾਂ ਅਸੀਂ ਕਿੰਨੀ ਔਖ ਮਹਿਸੂਸ ਕਰਦੇ ਹਾਂ, ਤਾਂ ਉਹ ਨਵੇਂ ਮਨੁੱਖ ਤਾਂ ਹੋਰ ਵੱਧ ਔਖ ਝੱਲਦੇ ਹੋਣਗੇ ਕਿਉਂਕਿ ਬਚਪਨ ਹੀ ਉਹ ਸਮਾਂ ਹੁੰਦਾ ਹੈ ਜਦੋਂ ਸਿੱਖਣ ਦੀ ਪ੍ਰਕਿ੍ਰਆ ਬਹੁਤ ਤੀਬਰ ਹੁੰਦੀ ਹੈ, ਸ਼ਬਦਾਂ ਤੋਂ ਵਿਹੂਣਾ ਬਚਪਨ ਬੱਚੇ ਦੇ ਬੌਧਿਕ ਵਿਕਾਸ ਨੂੰ ਮੱਠਾ ਕਰ ਦਿੰਦਾ ਹੈ। ਦੁਨੀਆਂ ਭਰ ’ਚ ਹੋਏ ਤਜ਼ਰਬੇ ਦੱਸਦੇ ਹਨ ਕਿ ਜੋ ਬੱਚੇ ਆਪਣੀ ਮਾਂ-ਬੋਲੀ ’ਚ ਮਹਾਰਤ ਹਾਸਲ ਕਰਦੇ ਹਨ ਉਹਨਾਂ ਲਈ ਕੋਈ ਹੋਰ ਭਾਸ਼ਾ ਸਿੱਖਣਾ ਜਾਂ ਕਿਸੇ ਵੀ ਹੋਰ ਵਿਸ਼ੇ ’ਚ ਮਹਾਰਤ ਹਾਸਲ ਕਰਨਾ ਸੌਖਾ ਹੋ ਜਾਂਦਾ ਹੈ।
ਲਾਦਾ ਐਦਾਰੋਵਾ ਆਪਣੀ ਪੁਸਤਕ “ਬਾਲ ਵਿਕਾਸ ਤੇ ਵਿੱਦਿਆ” ’ਚ ਦੱਸਦੀ ਹੈ ਕਿ ਬੱਚੇ ਦੇ ਵਿਕਾਸ ਵਿੱਚ ਹੈਰਾਨੀਜਨਕ ਤਬਦੀਲੀ ਉਦੋਂ ਸੰਭਵ ਹੁੰਦੀ ਹੈ ਜਦੋਂ ਉਹ ਸ਼ਬਦ ਸਿੱਖਦਾ ਹੈ-
“ਮੰਨ ਲਓ ਬੱਚਾ ਕਿਲਕਾਰੀਆਂ ਮਾਰਦਾ ਹੈ, ਬੁਲਬੁਲੇ ਛੱਡਦਾ ਹੈ, ਭਾਂਤ-ਸੁਭਾਂਤੇ ਰੌਲੇ ਪਾਉਂਦਾ ਹੈ ਅਤੇ ਫੇਰ ਅਚਾਨਕ ਉਸਦੀਆਂ ਚੀਕਾਂ ਅਰਥ ਭਰਪੂਰ ਹੋ ਜਾਂਦੀਆਂ ਹਨ। ਹੁਣ ਨਿੱਕਾ ਉਨ੍ਹਾਂ ਅਵਾਜਾਂ ਨੂੰ ਦੂਜਿਆਂ ਨਾਲ਼ ਰਾਬਤਾ ਕਰਨ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਕੁੱਝ ਸਮਾਂ ਪਿੱਛੋਂ ਉਹ ਅੰਤਾਂ ਦੀ ਮਹੱਤਵਪੂਰਣ ਗੱਲ ਸਮਝਣ ਲੱਗਦਾ ਹੈ ਕਿ ਹਰ ਚੀਜ਼ ਦਾ ਆਪਣਾ ਨਾਂ ਹੁੰਦਾ ਹੈ। ਇਹ ਮਹੱਤਵਪੂਰਣ ਪਲ ਨਾ ਸਿਰਫ ਸ਼ਬਦ ਨੂੰ ਨਿਸ਼ਾਨ ਵਜੋਂ ਸਮਝਣ ’ਚ ਅਗਵਾਈ ਕਰਦਾ ਹੈ, ਸਗੋਂ ਭਾਵ ਵਜੋਂ ਵੀ ਉਸਦੀ ਸੋਚਣੀ ਨੂੰ ਤਿੱਖਾ ਕਰਦਾ ਹੈ।” ਭਾਸ਼ਾ ਦੇ ਵਿਕਾਸ ਦਾ ਅਧਿਐਨ ਕਰਨ ਵਾਲ਼ੇ ਮਾਹਰਾਂ ਅਨੁਸਾਰ ਬੱਚੇ ਉਦੋਂ ਬਹੁਤ ਚੌਕੰਨੇ ਤੇ ਚੌਕਸ ਹੁੰਦੇ ਹਨ ਜਦੋਂ ਉਹ ਬੋਲਚਾਲ ਕਰਨੀ ਸਿੱਖਦੇ ਹਨ। ਇਸੇ ਲਈ ਲੇਖਿਕਾ ਕਹਿੰਦੀ ਹੈ- “ਮੈਂ ਜੋਰ ਦੇਣਾ ਚਾਹਾਂਗੀ ਕਿ ਜ਼ਿੰਦਗੀ ਦੇ ਪਹਿਲੇ ਮਹੀਨਿਆਂ ਤੇ ਸਾਲਾਂ ਵਿੱਚ ਭਾਸ਼ਾ ’ਤੇ ਪਕੜ ਭਾਵ ਖਾਸ ਆਦਰਸ਼ਕ ਰੂਪ ਦੀ ਮੁਹਾਰਤ ਪ੍ਰਮੁੱਖ ਮਹੱਤਤਾ ਵਾਲ਼ੀ ਗੱਲ ਹੈ ਕਿਉਂ ਜੋ ਪਹਿਲਾਂ ਸ਼ਬਦ ਹੀ ਬੱਚੇ ਦੀ ਮਦਦ ਕਰਦੇ ਹਨ। ਉਹ ਵੱਖ ਵੱਖ ਵਸਤਾਂ ਦੇ ਕਿ੍ਰਆਸ਼ੀਲ ਮੰਤਵ ਨੂੰ ਨਖੇੜਣ ਵਿੱਚ ਵੀ ਉਸਦੇ ਸਹਾਈ ਹੁੰਦੇ ਹਨ। ਬੱਚੇ ਦੇ ਜੀਵਨ ਦੇ ਮੁੱਢਲੇ ਮਹੀਨਿਆਂ ਤੇ ਸਾਲਾਂ ਦੌਰਾਨ ਉਸਦਾ ਬੌਧਿਕ ਵਿਕਾਸ, ਉਹ ਢੰਗ ਜਿਸ ਨਾਲ਼ ਉਸਦੀ ਬੌਧਿਕ ਸੂਝ ਪੈਦਾ ਹੁੰਦੀ ਹੈ ਅਤੇ ਉਸਦੀ ਨਿੱਜੀ ਯਾਦਾਸ਼ਤ ਹੋਂਦ ਵਿੱਚ ਆਉਂਦੀ ਹੈ। ਉਹ ਨੁਕਤਾ ਜਿੱਥੋਂ ਕਿ ਉਹ ਆਪੇ ਬਾਰੇ ਯਾਦਾਸ਼ਤਾਂ ਰੱਖਣੀਆਂ ਸ਼ੁਰੂ ਕਰਦਾ ਹੈ, ਇਨ੍ਹਾਂ ਸਭਨਾਂ ਦਾ ਅੰਦਰੂਨੀ ਰੂਪ ’ਚ ਭਾਸ਼ਾ ਨਾਲ਼ ਸਬੰਧ ਹੈ।”
“ਬੱਚੇ ਲਈ ਇੱਕ ਵਿਸ਼ੇ ਵਜੋਂ ਭਾਸ਼ਾ ਦਾ ਵਰਨਣ ਤੇ ਪੇਸ਼ਕਾਰੀ ਲਈ ਖਾਸ ਕਿਸਮ ਦੀਆਂ ਸਰਗਰਮੀਆਂ ਭਾਲ਼ੀਆਂ ਜਾਣੀਆਂ ਚਾਹੀਦੀਆਂ ਹਨ ਜੋ ਬੱਚੇ ਨੂੰ ਇਸ ਯੋਗ ਬਣਾਉਣ ਕਿ ਉਹ ਭਾਸ਼ਾ ਦੇ ਲੱਛਣਾ ਦੀ ਭਾਲ਼ ਕਰਨੀ ਅਰੰਭ ਕਰ ਸਕੇ ਜੋ ਕਿ ਗੱਲਬਾਤ ਦੀ ਤਜ਼ਰਬੇ-ਸਿੱਧ ਮਸ਼ਕ ’ਚ ਅਣਗੌਲ਼ੇ ਰਹਿ ਜਾਂਦੇ ਹਨ।” ਲੇਖਿਕਾ ਇਸੇ ਤਰ੍ਹਾਂ ਦੀ ਇੱਕ ਦਿਲਚਸਪ ਸਰਗਰਮੀ ਦੀ ਉਦਾਹਰਣ ਪੇਸ਼ ਕਰਦੀ ਹੈ ਜਿੱਥੇ ਕੁੱਝ ਸਮਾਨਅਰਥੀ ਸ਼ਬਦ ਦਿੱਤੇ ਹਨ-
“ਚਿਹਰਾ, ਬੂਥਾ, ਥੂਥਨੀ, ਚਿਹਰਾਸ਼ਨਾਸੀ, ਥੋਬੜਾ, ਮੁਹਾਂਦਰਾ, ਮੁਖੜਾ।
ਬੱਚੇ ਅਰਥ ਦੱਸਦੇ ਹਨ:-
ਚਿਹਰਾ- ਇਹ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਵਕਤਾ ਸਿਰਫ ਉਸ ਵਸਤੂ ਦਾ ਨਾਮ ਲੈਣਾ ਚਹੁੰਦਾ ਹੈ।
ਬੂਥਾ- ਦਾ ਅਰਥ ਹੈ ਕੋਹਜਾ, ਅੱਖੜ, ਘਿ੍ਰਣਤ ਜਾਂ ਸ਼ਾਇਦ ਡਰਾਉਣਾ ਵੀ।
ਮੁਹਾਂਦਰਾ- ਇਹ ਸ਼ਬਦ ਠੀਕ ਜਚਦਾ ਹੈ। ਇਹ ਕਵਿਤਾ ਤੇ ਪੁਰਾਣੀਆਂ ਕਿਤਾਬਾਂ ’ਚ ਵਰਤਿਆ ਜਾਂਦਾ ਹੈ।”
ਭਾਸ਼ਾ ਜਾਂ ਸ਼ਬਦਾਂ ਦਾ ਮਤਲਬ ਸਿਰਫ ਕਿਸੇ ਸ਼ਬਦ ਜਾਂ ਵਸਤੂ ਤੋਂ ਰੁਬਰੂ ਕਰਵਾਉਣਾ ਹੀ ਨਹੀਂ ਹੁੰਦਾ ਸਗੋਂ ਇਸਦਾ ਸਬੰਧ ਚੇਤਨਾ ਨਾਲ਼ ਹੁੰਦਾ ਹੈ। ਜੇਕਰ ਭਾਸ਼ਾ ਸਿਰਫ ਸ਼ਾਬਦਿਕ ਅਰਥਾਂ ਤੱਕ ਸੀਮਤ ਹੋਵੇ ਤਾਂ ਇਹ ਸੱਖਣੀ ਹੈ। ਜਿਵੇਂ ਲਾਦਾ ਐਦਾਰੋਵਾ ਦੱਸਦੀ ਹੈ- “ਸ਼ਬਦ ਨਾ ਸਿਰਫ ਇੱਕ ਮੰਤਵ ਪ੍ਰਗਟ ਕਰਦਾ ਹੈ ਸਗੋਂ ਕੁੱਝ ਸੀਮਾਵਾਂ ਅੰਦਰ ਇਹ ਵੀ ਪ੍ਰਤੀਬਿੰਬਤ ਕਰਦਾ ਹੈ ਕਿ ਇਸ ਮੰਤਵ ਨੂੰ ਲੋਕ ਕਿਵੇਂ ਸਮਝਦੇ ਤੇ ਚਿਤਵਦੇ ਹਨ। ਸ਼ਬਦਾਂ ਦੇ ਦੋ ਪੱਖ ਹੁੰਦੇ ਹਨ, ਇੱਕ ਦਾ ਸਬੰਧ ਬਾਹਰੀ ਸੰਸਾਰ ਨਾਲ਼ ਹੁੰਦਾ ਹੈ ਤੇ ਦੂਜੇ ਦਾ ਇਹਨਾਂ ਨੂੰ ਸਮਝਣ ਵਾਲ਼ੇ ਬੰਦੇ ਨਾਲ਼। ਬੌਧਿਕ ਵਿਕਾਸ ਦਾ ਤੈਅ ਕੀਤੇ ਜਾਣਾ ਇਹਨਾਂ ਦੋਹਾਂ ਪੱਖਾਂ ਦੀ ਮੁਹਾਰਤ ਤੋਂ ਨਿਸ਼ਚਿਤ ਹੁੰਦਾ ਹੈ।” ਇੱਕ ਉਦਾਹਰਣ ਰਾਹੀਂ ਉਹ ਸਮਝਾਉਂਦੀ ਹੈ- “ਇੱਕ ਕਵਿਤਰੀ ਪਹਾੜ ਬਾਰੇ ਕਵਿਤਾ ਲਿਖਦੀ ਹੈ। ਉਂਝ ਸ਼ਬਦਕੋਸ਼ ਅਨੁਸਾਰ ਪਹਾੜ ਦਾ ਅਰਥ ਹੈ- ਧਰਤੀ ਦੇ ਤਲ ਦਾ ਕੁਦਰਤੀ ਉਭਾਰ, ਜਿਸ ਦਾ ਬਹੁਤ ਵੱਡਾ ਅਕਾਰ ਹੋਵੇ ਅਤੇ ਆਮ ਤੌਰ ’ਤੇ ਢਲਵੇਂ ਪਾਸੇ ਹੋਣ, ਇਹ ਪਹਾੜੀਆਂ ਤੋਂ ਵੱਧ ਉੱਚਾਈ ਵਾਲ਼ਾ ਹੋਵੇ। ਪਰ ਕਵਿਤਰੀ ਦੇ ਅਰਥਾਂ ’ਚ ਪਹਾੜ ਇੱਕ ਬਿਪਤਾ, ਇੱਕ ਬੋਝ ਹੈ, ਜਿਨ੍ਹਾਂ ਅਰਥਾਂ ’ਚ ਉਹ ਇਸ ਸ਼ਬਦ ਦੀ ਵਰਤੋਂ ਕਰਦੀ ਹੈ। ਇਸੇ ਉਦਾਹਰਣ ਨੂੰ ਹੀ ਲਈਏ, ਆਪਾਂ ਆਮ ਬੋਲੀ ’ਚ ਕਹਿ ਦਿੰਦੇ ਹਾਂ ਕਿ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਪਹਾੜ ਵਰਗੀ ਜ਼ਿੰਦਗੀ ਕੱਟਣੀ ਔਖੀ ਹੈ, ਪਹਾੜ ਜਿੱਡੀ ਰਾਤ ਮਸਾਂ ਲੰਘੀ ਆਦਿ। ਜੇਕਰ ਬੱਚਾ ਪਹਾੜ ਦਾ ਅਰਥ ਸਿਰਫ ਧਰਤੀ ਦਾ ਇੱਕ ਟੁਕੜਾ ਹੀ ਸਮਝੇ ਤਾਂ ਇਸਦਾ ਅਰਥ ਹੈ ਉਸਦੀ ਚੇਤਨਾ ਦੇ ਵਿਕਾਸ ’ਚ ਰੁਕਾਵਟ ਹੈ।
ਪਰ ਅੱਜ ਕੱਲ੍ਹ ਸਾਡੇ ਆਲ਼ੇ-ਦੁਆਲ਼ੇ ਇੱਕ ਆਮ ਵਰਤਾਰਾ ਹੈ –
ਹੱਥ ਧੋ ਲੈ- ਹੈਂਡ ਵਾਸ਼ ਕਰ ਲੋ,
ਅੱਜ ਕੱਲ੍ਹ ਸਾਡੇ ਆਲ਼ੇ-ਦੁਆਲ਼ੇ ਇੱਕ ਆਮ ਵਰਤਾਰਾ ਹੈ –
ਹੱਥ ਧੋ ਲੈ- ਹੈਂਡ ਵਾਸ਼ ਕਰ ਲੋ,
ਮੂੰਹ ਪੂੰਝ ਲੈ- ਫੇਸ ਕਲੀਨ ਕਰ ਲੋ,
ਤਿਆਰ ਹੋ ਜਾਓ- ਰੈਡੀ ਹੋ ਜਾਈਏ,
ਇਸ ਤਰ੍ਹਾਂ ਦਾ ਭਾਸ਼ਾਈ ਮਿਲਗੋਭਾ ਬੱਚੇ ਦੇ ਬੌਧਿਕ ਵਿਕਾਸ ’ਚ ਰੁਕਾਵਟ ਪਾਉਂਦਾ ਹੈ, ਉਸਦੀ ਨਾ ਤਾਂ ਆਪਣੀ ਭਾਸ਼ਾ ’ਤੇ ਪਕੜ ਬਣਦੀ ਹੈ ਤੇ ਨਾ ਹੀ ਦੂਜੀ ਭਾਸ਼ਾ ਸਿੱਖ ਸਕਦਾ ਹੈ। ਉਹ ਕਵਿਤਾਵਾਂ, ਕਹਾਣੀਆਂ ਨਹੀਂ ਸਮਝ ਸਕਦਾ, ਉਹ ਕਲਪਨਾਵਾਂ ਨਹੀਂ ਕਰ ਸਕਦਾ, ਉਹ ਆਮ ਗੱਲਬਾਤ ’ਚ ਵਰਤੇ ਜਾਂਦੇ ਬਿੰਬਾਂ ਤੋਂ ਅਣਜਾਣ ਰਹਿ ਜਾਂਦਾ ਹੈ। ਇਹ ਸਭ ਕੁੱਝ ਬੇਗਾਨੀ ਭਾਸ਼ਾ ਥੋਪਣ ਕਰਕੇ ਹੁੰਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਅੰਗਰੇਜ਼ੀ ਮਾਧਿਅਮ ਸਕੂਲਾਂ ’ਚ ਪੜੇ੍ਹ ਵਿਦਿਆਰਥੀ ਕਈ ਵਾਰ ਆਮ ਜਿਹੇ ਮਜਾਕਾਂ ਨੂੰ ਵੀ ਨਹੀ ਸਮਝ ਸਕਦੇ ਜਾਂ ਕਈ ਵਾਰ ਆਪਣੇ ਜਜ਼ਬੇ ਪ੍ਰਗਟਾਉਣ ਲਈ ਸ਼ਬਦਾਂ ਦੀ ਥੁੜ ਮਹਿਸੂਸ ਕਰਦੇ ਹਨ। ਕਿਉਂਕਿ ਉਹਨਾਂ ਦਾ ਸ਼ਬਦ ਭੰਡਾਰ ਸੁੰਗੜ ਕੇ ਰਹਿ ਗਿਆ। ਇਹ ਬੱਚੇ ਨਾਲ਼ ਧੱਕਾ ਹੈ।
ਸਪੋਲਸਕੀ ਦੇ ਸ਼ਬਦਾਂ ’ਚ ਇਹ ਸਾਫ ਹੋਣਾ ਚਾਹੀਦਾ ਹੈ ਕਿ ਨਾ ਸਮਝ ਆਉਣ ਵਾਲ਼ੀ ਸਿੱਖਿਆ ਅਨੈਤਿਕ ਹੈ। ਬੱਚੇ ਸਭ ਤੋਂ ਵਧੀਆ ਉਦੋਂ ਸਿੱਖਦੇ ਹਨ ਜਦੋਂ ਉਹਨਾਂ ਨੂੰ ਮਾਂ-ਬੋਲੀ ’ਚ ਪੜ੍ਹਾਇਆ ਜਾਂਦਾ ਹੈ, ਖਾਸ ਤੌਰ ’ਤੇ ਜੀਵਨ ਦੇ ਸ਼ੁਰੂਆਤੀ ਸਾਲਾਂ ’ਚ। ਭਾਸ਼ਾ ਵਿਗਿਆਨੀਆਂ ਨੇ ਖੋਜਾਂ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਆਪਣੀ ਮਾਂ-ਬੋਲੀ ਤੇ ਚੰਗੀ ਪਕੜ ਵਾਲ਼ਾ ਵਿਅਕਤੀ ਹੋਰ ਕਿਸੇ ਵੀ ਭਾਸ਼ਾ ਜਾਂ ਵਿਸ਼ੇ ਨੂੰ ਬਹੁਤ ਸੌਖੇ ਤਰੀਕੇ ਨਾਲ਼ ਸਿੱਖ ਸਕਦਾ ਹੈ। ਇਸ ਸਬੰਧੀ ਭਾਸ਼ਾ ਵਿਗਿਆਨੀਆਂ ਦੀਆਂ ਲਿਖਤਾਂ ਤੇ ਖੋਜ ਪੱਤਰ ਪੜ੍ਹੇ ਜਾ ਸਕਦੇ ਹਨ। ਇਸ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਫਿਕਰਮੰਦ ਹੋਣ ਦੀ ਲੋੜ ਨਹੀਂ ਕਿ ਬਚਪਨ ਤੋਂ ਹੀ ਦੂਜੀ ਭਾਸ਼ਾ ਨਾ ਸਿਖਾਈ ਤਾਂ ਬੱਚਾ ਕਦੇ ਨਹੀਂ ਸਿੱਖ ਸਕਦਾ। ਸਗੋਂ ਜੇਕਰ ਤੁਸੀਂ ਬੱਚੇ ਨੂੰ ਉਸਦੀ ਮਾਤ-ਭਾਸ਼ਾ ਸਹੀ ਢੰਗ ਨਾਲ਼ ਸਿਖਾਓਂਦੇ ਹੋ ਤਾਂ ਉਹ ਇੱਕ ਦੋ ਹੀ ਨਹੀਂ ਸਗੋਂ ਦੁਨੀਆਂ ਦੀ ਕੋਈ ਵੀ ਭਾਸ਼ਾ ਬੜੀ ਸਹਿਜਤਾ ਨਾਲ਼ ਸਿੱਖ ਸਕੇਗਾ ਅਤੇ ਆਪਣੇ ਕੰਮ ਖੇਤਰ ’ਚ ਬੁਲੰਦੀਆਂ ਛੂਹੇਗਾ। ਕਿਉਂਕਿ ਭਾਸ਼ਾ ਸੋਚਣ ਪ੍ਰਕਿ੍ਰਆ ਦਾ ਅਹਿਮ ਸੰਦ ਹੈ, ਸਿਰਫ ਤੇ ਸਿਰਫ ਇਹੀ ਸਾਨੂੰ ਕਲਪਨਾਮਈ ਸੰਸਾਰ ’ਚ ਲੈਜਾ ਸਕਦੀ ਹੈ ਜਿੱਥੇ ਕੁੱਝ ਨਵਾਂ ਅਤੇ ਉਪਯੋਗੀ ਸੋਚਿਆ ਜਾ ਸਕੇ।
ਆਖਰ ਵਾਰ-ਵਾਰ ਜ਼ੋਰ ਦੇ ਕੇ ਕਹਿਣਾ ਚਾਹਾਂਗੀ ਕਿ ਨਾ ਸਿਰਫ ਮਾਪਿਆਂ ਤੇ ਅਧਿਆਪਕਾਂ ਸਗੋਂ ਸਾਰੇ ਬਾਲਗਾਂ ਦਾ ਫਰਜ਼ ਬਣਦਾ ਹੈ ਕਿ ਭਵਿੱਖ ਦੇ ਮਨੁੱਖਾਂ ਦੀ ਜੁਬਾਨਬੰਦੀ ਦੀ ਸਖਤ ਖਿਲਾਫਤ ਕਰਨ ਅਤੇ ਇਸ ਨਵੀਂ ਪਨੀਰੀ ਨੂੰ ਆਪਣੀ ਮਾਂ-ਬੋਲੀ ਦੇ ਸੋਹਣੇ-ਸੋਹਣੇ ਸ਼ਬਦਾਂ ਦੀ ਖਾਦ ਪਾਉਣ ਤਾਂ ਕਿ ਇਹਨਾਂ ਦਾ ਤੰਦਰੁਸਤ ਮਾਨਸਿਕ ਵਿਕਾਸ ਹੋ ਸਕੇ।
ਸਪੱਸ਼ਟਤਾ ਸੰਖੇਪਤਾ ਅਤਿ ਜ਼ਰੂਰੀ ਹੈ, ਸਾਦਗੀ ਨਾਲ ਅਗਾਊਂ ਵਾਕਾਂਸਾ ਦਾ ਪ੍ਰਯੋਗ ਕਰੋ, ਕਿਰਿਆ ਵਿਸ਼ੇਸ਼ਣ ਦੇ ਨਾਲ ਘਟੀਆ ਕਿਸਮ ਦੇ ਸ਼ਬਦਾਂ ਦਾ ਪ੍ਰਗਟਾਵਾ ਨਾ ਕੀਤਾ ਜਾਵੇ । ਪੰਜਾਬੀ ਸਮਾਗਮ, ਕਾਨਫਰੰਸ ਦੀ ਬਹੁਤ ਕਰਵਾਈਆਂ ਜਾ ਰਹੀਆਂ ਹਨ , ਪੰਜਾਬੀ ਸਾਹਿਤਕ ਬੇਸਿਟਾ ਰਹਿ ਪ੍ਰਦੂਸ਼ਣ ਵਧਾ ਰਹੀਆਂ ਹਨ, ਰੌਲਾ-ਰੋਪਾ ਜਿਆਦਾ ਹੈ
ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਗੰਭੀਰ ਸੋਚ ਰੱਖਣ ਵਾਲੇ ਚਿੰਤਕ, ਲੋਕ, ਘਰੇਲੂ ਬੈਠਕਾਂ ਵਿਚ ਆਪਣੇ ਤਜਰਬੇ ਕਾਨਫਰੰਸਾਂ ਤੋਂ ਬਾਅਦ ਜੋ ਬਹੁਤ ਨਿਰਾਸ਼ਤਾ ਨਾਲ ਨਿਰਾਰਥਕ ਹੀ ਦਸਦੇ ਹਨ। ਬਦੇਸ਼ਾਂ ਦੇ ਆਸ਼ਕ ਅਸਾਹਿਤਕਾਰਾ, ਕੁਰਸੀਆਂ ਡਾਹੁਣ ਵਾਲਿਆਂ ਦੀਆਂ ਵਡਿਆਈਆਂ ਕਰਨੋਂ ਨਹੀਂ ਥਕਦੇ, ਕੀ ਫਾਇਦਾ ਅਜਿਹੀਆਂ ਮਿਲਣੀਆਂ ਦਾ ਜਿੱਥੇ ਸਾਰਥਿਕ ਨਤੀਜੇ ਨਾ ਨਿਕਲਣ, ਆਪਣੇ ਆਪ ਨੂੰ ਬੇਇਜ਼ਤ ਮਹਿਸੂਸ ਕੀਤਾ ਜਾਵੇ, ਅਜਿਹੇ ਪ੍ਰਬੰਧਕ ਕਿੰਨਾ ਕੁ ਚਿਰ ਪੰਜਾਬ ਵਿਚ ਸਲਾਹੇ, ਸਹਾਰੇ, ਜਾਣਗੇ. ਡਾਲਰ, ਚੰਦਿਆਂ ਸਹਾਰੇ ਸਾਹਿਤ ਕਿਨੇ ਕੁ ਕਦਮ ਹੋਰ ਚੱਲ ਸਕੇਗਾ.
ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਸਥਾਵਾਂ ਦਾ ਨਿਗਰ ਪਲੇਟਫਾਰਮ ਤੇ ਸਾਹਿਤਕ ਤੋਰ ਹੋਣੀ ਬਹੁਤ ਜ਼ਰੂਰੀ ਹੈ. ਜੇ ਇਹੀ ਵਰਤਾਰਾ ਰਿਹਾ ਤਾਂ ਅਸਾਹਿਤਕ ਰਚਨਾਵਾਂ ਦੀ ਉਮਰ ਬਹੁਤੀ ਲੰਬੀ ਨਹੀਂ ਹੋਵੇਗੀ, ਰੁਤਬੇ ਮਾਣ-ਮਰਿਆਦਾ ਭੁੱਲ ਜਾਣਗੇ ਪੰਜਾਬੀ ਸਾਹਿਤ ਦੀਆਂ ਰੀਝਾਂ ਸਧਰਾਂ ਦੀ ਉਡੀਕ ਵਿਚ ਛੋਟੇ-ਛੋਟੇ ਲਾਲਚ ਨਾ ਵਿਛਾਏ ਜਾਣ, ਕਲਚਰ ਪ੍ਰਦੂਸ਼ਿਤ ਨਾ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ,
ਨਵੀਂਆਂ ਕਲਮਾਂ ਦੇ ਚਾਅ ਹੋ ਰਹੀਆਂ ਪ੍ਰਵਿਰਤੀਆਂ ਦੇ ਰਾਹਾਂ ਵਿਚ ਦਮ ਤੋੜ ਜਾਣਗੇ.
ਤੋਹਫ਼ਾ ਰਾਜਨੀਤੀ ਬੱਲੇ-ਬੱਲੇ. ਤੁਕਬੰਦੀ, ਤੁਕਾਂਤਬੰਦੀ, ਫੇਸ-ਬੁਕ ਅਸਾਹਿਤਕਤਾ ਸਾਹਿਤਕ ਪੈੜਾ ਤੋਂ ਛੇਤੀ ਹੀ ਵਾਂਝਿਆਂ ਕਰ ਦੇਵੇਗੀ ਅਸਾਹਿਤਕ ਪ੍ਰਦੂਸ਼ਤਾ ਜੁਗਾੜਬੰਦੀ ਵਿਚ ਸਾਹਿਤਕ ਰੁਚੀਆਂ ਸਾਹ ਘੁੱਟ ਕੇ ਖਤਮ ਹੋ ਜਾਣਗੀਆਂ.
ਕਲਮਾਂ ਨੂੰ ਸੁਹਿਰਦਤਾ ਨਾਲ ਆਪਣੀਆਂ ਲਿਖਤਾਂ ਉਪਰ ਗਹਿਰੀ ਸੋਚ, ਵਿਚਾਰ, ਕਰਨੀ ਚਾਹੀਦੀ ਹੈ।ਵਧੀਆ ਸਿੱਖਣ ਤੇ ਪੜ੍ਹਨ ਦੀ ਰੁਚੀ ਵਧਾਈ ਜਾਵੇ ਸਾਹਿਤਕ ਰਚਨਾਵਾਂ ਦੀ ਸਿਰਜਣਾ ਛੋਟ ਹਿੱਤਾਂ ਨੂੰ ਦੂਰ ਰੱਖ ਨਿੱਠ ਕੇ ਕੀਤੀ ਜਾਵੇ ਤਾਂ ਭਵਿੱਖ ਵਿਚ ਚੰਨ ਸਿਤਾਰੇ ਦਿਸਦੇ ਹੀ ਰਹਿਣਗੇ ਪੰਜਾਬੀ ਸਾਹਿਤ ਦੇ ਦੀਵਾਨੇ ਇਸ ਨੂੰ ਮਨ ਵਿਚ ਜਰੂਰ ਵਸਾਉਣ, ਸਮੇਂ ਨੂੰ ਆਪਣੇ ਹੱਥੀ ਗੁਲੇਲਾਂ ਨਾਲ ਨਾ ਜ਼ਖਮੀ ਕੀਤਾ ਜਾਵੇ ਤਾਂ ਚੰਗਾ ਰਹੇਗਾ ਨਹੀਂ ਤਾਂ ਭਵਿਖ ਵੀ ਸਾਥ ਨਹੀਂ ਦੇਵੇਗਾ, ਜੇ ਪੰਜਾਬੀ ਸਾਹਿਤਿਕ ਚੰਗਾ ਹੋਵੇਗਾ ਤਾਂ ਹੀ ਅਸੀਂ ਪੰਜਾਬੀ ਨੂੰ ਵਧੀਆ ਮੁਕਾਮ ਤੇ ਲਿਜਾ ਸਕਦੇ ਹਾਂ।
ਬੇਗਾਨੀ ਭਾਸ਼ਾ ਦੀ ਗੁਲਾਮੀ ਤਿਆਗੋ!
ਆਪਣੀ ਮਾਂ-ਬੋਲੀ ਤੇ ਮਾਣ ਕਰੋ!