ਨੌਜਵਾਨਾਂ ਦੇ ਆਪਣੇ ਪਿੰਡ ਵਿਚ ਹੀ ਵਿਆਹ ਕਰਵਾਉਣ ਨੂੰ ਲੈ ਕੇ ਪਾਏ ਗਏ ਇੱਕ ਪੰਚਾਇਤੀ ਮਤੇ ਕਾਰਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ ਪਿੰਡ ਜਵਾਹਰਕੇ ਇਸ ਵੇਲੇ ਚਰਚਾ ਵਿੱਚ ਹੈ।
ਇਸ ਪਿੰਡ ਦੀ ਪੰਚਾਇਤ ਨੇ ਸਰਬ ਸੰਮਤੀ ਨਾਲ ਮਤਾ ਪਾਇਆ ਹੈ ਕਿ ਜੇਕਰ ਪਿੰਡ ਦਾ ਕੋਈ ਨੌਜਵਾਨ ਪਿੰਡ ਦੀ ਕੁੜੀ ਨਾਲ ਵਿਆਹ ਕਰਾਉਂਦਾ ਹੈ ਤਾਂ ਉਸ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ।
ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਤੋਂ ਬਾਅਦ ਨਵੀਂ ਬਣੀ ਗਰਾਮ ਪੰਚਾਇਤ ਨੇ ਪਿੰਡ ਜਵਾਹਰਕੇ ਵਿੱਚ 24 ਨਵੰਬਰ ਨੂੰ ਇਹ ਮਤਾ ਪਾਸ ਕੀਤਾ ਹੈ।
ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਵੀ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਕਈ ਹੋਰ ਵੀ ਮਤੇ ਪਾਸ ਕੀਤੇ ਗਏ ਹਨ, ਜਿਸ ਨੂੰ 'ਸਮਾਜ ਸੁਧਾਰ' ਦਾ ਨਾਮ ਦਿੱਤਾ ਗਿਆ ਹੈ।
ਪਾਏ ਗਏ ਮਤਿਆਂ ਉੱਪਰ ਪਿੰਡ ਦੀ ਸਰਪੰਚ ਰਣਵੀਰ ਕੌਰ ਸਮੇਤ ਸਮੂਹ ਨਵੇਂ ਚੁਣੇ ਗਏ ਪੰਚਾਂ ਦੇ ਮੋਹਰ ਅਤੇ ਦਸਤਖ਼ਤ ਹਨ।
ਪਿੰਡ ਦੇ ਨੰਬਰਦਾਰ ਨਛੱਤਰ ਸਿੰਘ ਨੇ ਵੀ ਇਨਾਂ ਮਤਿਆਂ ਉੱਪਰ ਮੋਹਰ ਲਗਾ ਕੇ ਤੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਪ੍ਰਗਟਾਈ ਹੈ।
ਭਾਵੇਂ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪਿੰਡ ਦੇ ਵਿੱਚ ਸਮਾਜ ਸੁਧਾਰ ਲਈ ਇੱਕ ਚੰਗਾ ਕਦਮ ਹੈ ਪਰ ਪਿੰਡ ਦੇ ਬਹੁਤੇ ਲੋਕ ਇਸ ਬਾਰੇ ਖੁੱਲ੍ਹ ਕੇ ਬੋਲਣ ਨੂੰ ਹੀ ਤਿਆਰ ਨਹੀਂ ਹਨ।