ਖੇਡਾਂ ਵਿੱਚ ਅਧਿਆਪਕ ਦੀ ਮੁੱਖ ਭੂਮਿਕਾ ਸਬੰਧੀ ਕੁੱਝ ਵਿਚਾਰ:

ਖੇਡਾਂ ਵਿੱਚ ਅਧਿਆਪਕ ਦੀ ਮੁੱਖ ਭੂਮਿਕਾ ਸਬੰਧੀ ਕੁੱਝ ਵਿਚਾਰ:
 
ਜੀਵਨ ਜਾਂਚ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵ ਹੈ। ਇਸ ਨੂੰ ਪੂਰਾ ਕਰਨ ਲਈ ਅਧਿਆਪਕਾਂ ਦੇ ਖੇਡਾਂ ਵਿੱਚ ਬਹੁਤ ਫ਼ਰਜ਼ ਹੁੰਦੇ ਹਨ ਜੋ ਕਿ ਵਿਦਿਆਰਥੀ ਦੇ ਸਰੀਰਕ , ਮਾਨਸਿਕ ਅਤੇ ਸਮਾਜਿਕ ਵਿਕਾਸ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।ਬਤੌਰ ਸਰੀਰਿਕ ਸਿੱਖਿਆ ਦੀ ਅਧਿਆਪਕਾ ਹੋਣ ਨਾਤੇ ਅਧਿਆਪਕ ਦੇ ਵਿਦਿਆਰਥੀਆਂ ਅਤੇ ਸਮਾਜ ਨਾਲ਼ ਸਬੰਧਿਤ ਕੁੱਝ ਫ਼ਰਜ਼ ਇਸ ਤਰ੍ਹਾਂ ਹਨ :-
1. ਭਾਗੀਦਾਰ ਬਣਾਉਣਾ*:- ਸਮੁੱਚੀ ਤੰਦਰੁਸਤੀ ਅਤੇ ਟੀਮ ਵਰਕ ਹੁਨਰਾਂ ਲਈ ਇਸ ਦੀ ਮਹੱਤਤਾ ਨੂੰ ਪਛਾਣਦੇ ਹੋਏ ਅਧਿਆਪਕ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹਨ।
2. ਖੇਡ ਭਾਵਨਾ ਨੂੰ ਉਤਸਾਹਿਤ ਕਰਨਾ :
 ਅਧਿਆਪਕ ਵਿਦਿਆਰਥੀਆਂ ਵਿੱਚ ਸਤਿਕਾਰ, ਨਿਰਪੱਖਤਾ ਅਤੇ ਅਨੁਸ਼ਾਸਨ ਵਰਗੇ ਗੁਣ ਪੈਦਾ ਕਰਦੇ ਹਨ ਅਤੇ ਇਹ ਗੱਲ ਯਕੀਨੀ ਬਣਾਉਂਦੇ ਹਨ ਕਿ ਉਹ ਜਿੱਤਾਂ ਅਤੇ ਹਾਰਾਂ ਦੋਵਾਂ ਨੂੰ ਬਰਾਬਰ ਦੀ ਮਹੱਤਤਾ ਦਿੰਦਿਆਂ ਹੋਇਆਂ ਸ਼ਾਨ ਨਾਲ ਸੰਭਾਲਣ ਦੇ ਯੋਗ ਹੋ ਜਾਣ।
3. ਹੁਨਰ ਦਾ ਵਿਕਾਸ :
ਅਧਿਆਪਕ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਸਮਾਜ ਦਾ ਹਾਣੀ ਬਣਾਉਂਦਿਆਂ ਵੱਖ-ਵੱਖ ਖੇਡਾਂ ਦੀਆਂ ਤਕਨੀਕਾਂ, ਨਿਯਮਾਂ ਅਤੇ ਰਣਨੀਤੀਆਂ ਨੂੰ ਸਿਖਾਉਣ ਦੇ ਨਾਲ਼- ਨਾਲ਼ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਤੇ ਗਿਆਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
4. ਟੀਮ ਦਾ ਨਿਰਮਾਣ:
ਅਧਿਆਪਕ ਟੀਮ ਨਾਲ਼ ਮਿਲ਼ ਕੇ ਖੇਡਣ ਵਾਲੀਆਂ ਖਿਡਾਰੀਆਂ ਦੁਆਰਾ ਖੇਡਾਂ ਖੇਡਦਿਆਂ ਆਪਸੀ ਸਹਿਯੋਗ, ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਸੰਚਾਰ ਨੂੰ ਉਤਸ਼ਾਹਿਤ ਕਰਦੇ ਹਨ। 
 5. ਸਰੀਰਕ ਅਤੇ ਮਾਨਸਿਕ ਤੰਦਰੁਸਤੀ :-
   ਸਰੀਰਕ ਤੰਦਰੁਸਤੀ ਅਤੇ ਤਨਾਅ ਤੋਂ ਰਾਹਤ ਲਈ ਖੇਡਾਂ ਨੂੰ ਅਧਿਆਪਕ ਇੱਕ ਮਾਧਿਅਮ ਵਜੋਂ ਵਰਤਦੇ ਹਨ। 
6. ਸੁਰੱਖਿਅਤ ਵਾਤਾਵਰਣ ਬਣਾਉਣਾ  
 ਖੇਡਾਂ ਦੌਰਾਨ ਸੁਰੱਖਿਅਤ ਵਾਤਾਵਰਨ ਦਾ ਹੋਣਾ ਬਹੁਤ ਜਰੂਰੀ ਹੈ। ਅਧਿਆਪਕ ਇਹ ਯਕੀਨੀ ਬਣਾਉਂਦੇ ਹਨ ਕਿ ਵਿਦਿਆਰਥੀ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹਨ ਅਤੇ ਗਤੀਵਿਧੀਆਂ ਦੌਰਾਨ ਕਿਸੇ ਵੀ ਪ੍ਰਕਾਰ ਦੇ ਜੋਖ਼ਮ ਨੂੰ ਹੱਲ ਕਰਦੇ ਹਨ।
7. ਮੁਕਾਬਲੇ ਆਯੋਜਿਤ ਕਰਨਾ :*-
ਅਧਿਆਪਕ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਕੀਮਤੀ ਸਬਕ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਖੇਡ ਸਮਾਗ਼ਮਾਂ ਵਿੱਚ ਭਾਗ ਲੈਣ ਲਈ ਪ੍ਰਭਾਵਸ਼ਾਲੀ ਯੋਜਨਾ ਬਣਾਉਂਦੇ ਹਨ ਅਤੇ ਲਾਗੂ ਕਰਦੇ ਹਨ।
8. ਯੋਗ ਮਾਰਗਦਰਸ਼ਨ ਅਤੇ ਅਗਵਾਈ:
ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਅਨੁਸਾਰ ਆਵਦਾ ਮਾਨਸਿਕ ਵਿਕਾਸ ਕਰਨ ਲਈ ਅਧਿਆਪਕ ਉਹਨਾਂ ਦਾ ਮਾਰਗਦਰਸ਼ਨ ਕਰਦੇ ਹਨ ਅਤੇ ਸਮੇਂ- ਸਮੇਂ ਤੇ ਉਹਨਾਂ ਦੀ ਅਗਵਾਈ ਕਰਦੇ ਹਨ ਤਾਂ ਜੋ ਖੇਡਾਂ ਨੂੰ ਵਧੇਰੇ ਗੰਭੀਰਤਾ ਨਾਲ਼ ਲੈਂਦਿਆਂ ਅੱਗੇ ਵਧਾਇਆ ਜਾ ਸਕੇ।
 9. ਰੋਲ ਮਾਡਲ:
ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਲਈ ਇੱਕ ਰੋਲ ਮਾਡਲ, ਸਲਾਹਕਾਰ ਅਤੇ ਪ੍ਰੇਰਕ ਹੁੰਦਾ ਹੈ, ਜੋ ਵਿਦਿਆਰਥੀਆਂ ਵਿੱਚ ਵਿਲੱਖਣਤਾ ਭਰਪੂਰ ਚਰਿੱਤਰ ਅਤੇ ਉਹਨਾਂ ਵਿੱਚ ਟੀਮ ਵਰਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
 
ਇਸ ਲਈ ਅਧਿਆਪਕ ਦੇ ਮੁੱਢਲੇ ਫਰਜ਼ ਹਨ ਕਿ ਉਹ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਸਮਝੇ ਅਤੇ ਉਹਨਾਂ ਨੂੰ ਵਧੀਆ ਨਾਗਰਿਕ ਬਣਾਉਣ ਵਿੱਚ ਸਹਾਇਕ ਸਿੱਧ ਹੋਵੇ।

 ਸ੍ਰੀਮਤੀ ਸਰਬਜੀਤ ਕੌਰ ਡੀ. ਪੀ .ਈ.
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ( ਮੋਗਾ)।
ਪੰਜਾਬ।

Post a Comment

Previous Post Next Post