ਸੁਨੱਖੀ ਪੰਜਾਬਣ ਮੁਕਾਬਲਾ-7 ਦਾ ਪੰਜਾਬ ’ਚ ਹੋਇਆ ਸੈਮੀਫਾਈਨਲ
ਜਲੰਧਰ, 2 ਸਤੰਬਰ 2025
ਪੰਜਾਬੀ ਮਾਂ-ਬੋਲੀ, ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਪੰਜਾਬੀ ਮੁਟਿਆਰਾਂ ਵਾਸਤੇ ਕਰਵਾਏ ਗਏ ‘ਸੁਨੱਖੀ ਪੰਜਾਬਣ ਮੁਕਾਬਲਾ-7’ ਦੇ ਆਡੀਸ਼ਨ ਤੋਂ ਬਾਅਦ ਪੰਜਾਬ ਦੀਆਂ ਭਾਗੀਦਾਰ ਮੁਟਿਆਰਾਂ ਲਈ ਸੁਨੱਖੀ ਪੰਜਾਬਣ-7 ਦਾ ਸੈਮੀਫਾਈਨਲ 2 ਸਤੰਬਰ 2025 ਨੂੰ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦਾ ਸੰਚਾਲਨ ਗੁਰਮਾਨਸ ਸਿੰਘ ਵੱਲੋਂ ਕੀਤਾ ਗਿਆ।
ਸੁਨੱਖੀ ਪੰਜਾਬਣ ਸੀਜ਼ਨ-7 ਨੂੰ ਪੰਜਾਬ ’ਚ ਵੀ ਮਾਣ ਹਾਸਲ ਹੋਇਆ ਜਿਸਦੇ ਮੱਦੇਨਜ਼ਰ ਰੋਜ਼ਾ ਹਰਬਲ, ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਸਾਥ ਦਿੱਤਾ ਅਤੇ ਨਾਲ ਹੀ ਹੋਰ ਕਈ ਲੋਕ ਜੁੜੇ ਜਿਵੇਂ ਗਿਫ਼ਟਿੰਗ ਪਾਰਟਨਰ — ਮਰਯਾਦਾ ਫੁੱਲਕਾਰੀ, ਗੁਰਟੋਇ, ਪਲਸ਼ ਫੁੱਲਕਾਰੀ, ਨਵੀਂ ਪਹਿਲ; ਮੇਕਅਪ ਪਾਰਟਨਰ — ਅਪਣਾ ਵੇੜ੍ਹਾ; ਵੀਡੀਓਗ੍ਰਾਫ਼ੀ ਅਤੇ ਫੋਟੋਗ੍ਰਾਫ਼ੀ ਪਾਰਟਨਰ — ਪੰਕਜ ਵੀਡੀਓਜ਼।
ਡਾ. ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਜਿਵੇਂ ਪਠਾਨਕੋਟ, ਪਟਿਆਲਾ, ਜਲੰਧਰ, ਮੋਗਾ, ਹੁਸ਼ਿਆਰਪੁਰ, ਚੰਡੀਗੜ੍ਹ ਤੋਂ 18 ਪੰਜਾਬਣਾਂ ਨੇ ਹਿੱਸਾ ਲਿਆ ਅਤੇ ਸਟੇਜ ’ਤੇ ਪੰਜਾਬੀ ਨਾਟਕ, ਭੰਗੜਾ, ਪੰਜਾਬੀ ਲੋਕ-ਗੀਤ ਅਤੇ ਕਾਮੇਡੀ ਨਾਟਕ ਕਰਕੇ ਆਪਣਾ ਹੁਨਰ ਪ੍ਰਦਰਸ਼ਨ ਕੀਤਾ। ਇਹਨਾਂ ਪੰਜਾਬਣਾਂ ਵਿੱਚੋਂ 7 ਪੰਜਾਬਣਾਂ ਨੂੰ ਅਗਲੇ ਪੜਾਅ ਲਈ ਚੁਣਿਆ ਗਿਆ।
ਪ੍ਰੋਗਰਾਮ ’ਚ ਜੱਜਾਂ ਦੀ ਭੂਮਿਕਾ ਅਰਸ਼ ਮਾਂਗਟ (ਅਦਾਕਾਰਾ), ਨਵਪ੍ਰੀਤ ਗਿੱਲ (ਪੰਜਾਬੀ ਅਦਾਕਾਰਾ), ਹਰਜੀਤ ਸਿੰਘ ਓਬਰਾਏ (ਫਿਲਮ ਨਿਰਮਾਤਾ), ਅਰਸ਼ਦੀਪ (ਡਿਪਟੀ ਡਾਇਰੈਕਟਰ ਦੈਨਿਕ ਸਵੇਰਾ) ਅਤੇ ਹੋਰ ਸ਼ਖਸੀਅਤਾਂ ਵੱਲੋਂ ਨਿਭਾਈ ਗਈ।
‘ਸੁਨੱਖੀ ਪੰਜਾਬਣ ਮੁਕਾਬਲਾ-7’ ਦੇ ਆਡੀਸ਼ਨ ਇਸ ਵਾਰੀ ਦਿੱਲੀ ਤੋਂ ਇਲਾਵਾ ਪਹਿਲੀ ਵਾਰੀ ਮੁਹਾਲੀ ਵਿੱਚ ਜੁਲਾਈ ’ਚ ਆਫਲਾਈਨ ਰੂਪ ਵਿੱਚ ਹੋਏ ਸਨ। ਟੈਲੇੰਟ ਰਾਊਂਡ ਅਤੇ ਸੱਭਿਆਚਾਰਕ ਰਾਊਂਡ ਤੋਂ ਬਾਅਦ ਜੱਜ ਸਾਹਿਬਾਨਾਂ ਨੇ 7 ਮੁਟਿਆਰਾਂ ਨੂੰ ਚੁਣਿਆ, ਜਿਨ੍ਹਾਂ ਵਿੱਚ ਹਰਨੀਤ ਕੌਰ ਅਦਮਪੁਰ (ਜਲੰਧਰ), ਚਨਪ੍ਰੀਤ ਕੌਰ ਤਲਵੰਡੀ ਭਾਈ (ਫਿਰੋਜ਼ਪੁਰ), ਅਮਨਦੀਪ ਕੌਰ (ਜਲੰਧਰ), ਖੁਸ਼ੀ (ਪਟਿਆਲਾ), ਭਾਰਤੀ ਔਜਲਾ (ਜਲੰਧਰ), ਪ੍ਰਭਜੀਤ ਕੌਰ ਧਲਿਵਾਲ (ਮੋਗਾ) ਅਤੇ ਆਖ਼ਿਰ ਵਿੱਚ ਮੁਸਕਾਨ ਭਾਟੀਆ (ਪਠਾਨਕੋਟ) ਸ਼ਾਮਲ ਸਨ।