ਮਿਹਨਤ ਅਤੇ ਲਗਨ ਸਦਕਾ ਫੌਜੀ ਤੋਂ ਇੰਜੀਨੀਅਰ ਬਣਿਆ ਜਮੀਲਾ ਖਾਨ।

ਮਿਹਨਤ ਅਤੇ ਲਗਨ ਸਦਕਾ ਫੌਜੀ ਤੋਂ ਇੰਜੀਨੀਅਰ ਬਣਿਆ ਜਮੀਲਾ ਖਾਨ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਕਹਾਵਤ ਸ੍ਰੀ ਜਮੀਲਾ ਖਾਨ ਜੀ ਨੇ ਆਪਣੀ ਮਿਹਨਤ ਸਦਕਾ ਪੂਰੀ ਕਰਕੇ ਦਿਖਾਈ। ਅੱਜ ਮੈਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਜਿਨਾਂ ਨੇ ਬਹੁਤ ਹੀ ਗਰੀਬੀ ਵਿਚੋਂ ਉੱਠ ਕੇ ਮਿਹਨਤ ਕਰਕੇ ਇੱਕ ਉੱਚਾ ਮੁਕਾਮ ਹਾਸਿਲ ਕੀਤਾ ਹੈ।
                   ਸ੍ਰੀ ਜਮੀਲਾ ਖਾਨ ਜੀ ਦਾ ਜਨਮ 24 ਅਗਸਤ 1970 ਨੂੰ ਮਾਤਾ ਸਲਮਾ ਬੇਗਮ ਅਤੇ ਪਿਤਾ ਮੱਘਰ ਖਾਨ ਜੀ ਦੇ ਘਰ ਪਿੰਡ ਮੋਹਰ ਸਿੰਘ ਵਾਲਾ ਜਿਲਾ ਮਾਨਸਾ ਵਿਖੇ ਹੋਇਆ। ਆਪ ਜੀ ਨੇ ਮੁਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ।ਅਗਲੇਰੀ ਪੜ੍ਹਾਈ ਲਈ ਛੇਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਬੀਰ ਹੋਡਲਾ ਕਲਾਂ ਵਿਖੇ ਦਾਖਲਾ ਲਿਆ। ਪਿੰਡ ਤੋਂ ਹੋਡਲਾ ਕਲਾਂ ਚਾਰ ਕਿਲੋਮੀਟਰ ਦੂਰੀ ਤੇ ਸੀ। ਕੁਝ ਸਮਾਂ ਤੁਰ ਕੇ ਸਕੂਲ ਜਾਂਦੇ ਰਹੇ । ਫਿਰ ਘਰਦਿਆਂ ਨੇ ਇਕ ਪੁਰਾਣਾ ਸਾਈਕਲ ਲੈ ਕੇ ਦੇ ਦਿੱਤਾ। ਜਮੀਲਾ ਜੀ ਦਾ ਦਿਮਾਗ ਬਹੁਤ ਹੀ ਕਿਰਿਆਸ਼ੀਲ ਸੀ। ਉਹ ਹਮੇਸ਼ਾ ਕੋਈ ਨਾ ਕੋਈ ਕਿਰਿਆ ਕਰਦੇ ਰਹਿੰਦੇ ਸਨ।ਜਮੀਲਾ ਖਾਨ ਜੀ ਸਕੂਲ ਵਿੱਚ ਆਪਣੀ ਜਮਾਤ ਦੇ ਪਹਿਲੇ ਚਾਰ ਪੰਜ ਹੁਸ਼ਿਆਰ ਬੱਚਿਆਂ ਵਿੱਚ ਆਉਂਦੇ ਸਨ। ਜਿਨਾਂ ਨੂੰ ਆਮ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਵਧ ਪੜਾਇਆ ਜਾਂਦਾ ਸੀ। ਪੜ੍ਹਾਈ ਦੌਰਾਨ ਉਹਨਾਂ ਨੂੰ ਦੋਸਤਾਂ ਅਤੇ ਅਧਿਆਪਕਾਂ ਤੋਂ ਬਹੁਤ ਸਹਿਯੋਗ ਮਿਲਦਾ ਰਿਹਾ।ਉਹਨਾਂ ਨੇ ਦਸਵੀਂ ਜਮਾਤ 1988 ਵਿੱਚ 75% ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ਕੀਤੀ ਅਤੇ ਗਿਆਰਵੀਂ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਕੀਤੀ। ਭਾਵੇਂ ਉਹਨਾਂ ਦੇ ਸੁਪਨੇ ਵੱਡੇ ਸਨ ਪਰ ਇਸ ਪੜ੍ਹਾਈ ਦੌਰਾਨ ਹੀ 27 ਜੂਨ 1990 ਨੂੰ ਜਮੀਲਾ ਖਾਨ ਜੀ ਨੂੰ ਘਰ ਦੀਆਂ ਮਜ਼ਬੂਰੀਆਂ ਕਾਰਨ ਫੌਜ ਵਿੱਚ ਭਰਤੀ ਹੋਣਾ ਪਿਆ। ਫੌਜ ਦੀ ਨੌਕਰੀ ਦੌਰਾਨ ਹੀ ਉਹਨਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਪੱਤਰ ਵਿਹਾਰ ਕੋਰਸ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਫੌਜ ਦੇ ਵਿੱਚ ਉਹ ਮਿਜਾਇਲ ਦੇ ਟੈਕਨੀਸ਼ੀਅਨ ਰਹੇ। ਸ਼ੁਰੂ ਤੋਂ ਹੀ ਉਹਨਾਂ ਦਿਮਾਗ ਟੈਕਨੀਕਲ ਸੀ ਅਤੇ ਨੌਕਰੀ ਦੇ ਦੌਰਾਨ ਜਦੋਂ ਵੀ ਛੁੱਟੀ ਆਉਂਦੇ ਤਾਂ ਉਹ ਘਰ ਟਿਕ ਕੇ ਨਾ ਬੈਠਦੇ ਹਮੇਸ਼ਾ ਉਹਨਾਂ ਨੂੰ ਕੋਈ ਨਾ ਕੋਈ ਸਿੱਖਣ ਦੀ ਭੁੱਖ ਰਹਿੰਦੀ ਸਭ ਤੋਂ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਵਿੱਚ ਇੰਗਲਿਸ਼ ਸਪੀਕਿੰਗ ਕੋਰਸ ਕੀਤਾ। ਫਿਰ ਬਾਦ ਵਿੱਚ ਪ੍ਰਾਈਵੇਟ ਤੌਰ ਤੇ ਸ਼ਾਰਟ ਟਰਮ ਇਲੈਕਟਰੀਕਲ ਅਤੇ ਇਲੈਕਟਰੋਨਿਕਸ ਦੇ ਕੋਰਸ ਕੀਤੇ ਇਲੈਕਟਰੋਨਿਕਸ ਦੇ ਵਿੱਚ ਉਹਨਾਂ ਦੀ ਖਾਸ ਰੁਚੀ ਸੀ। 16 ਸਾਲ ਫੌਜ ਦੀ ਨੌਕਰੀ ਕਰਕੇ 2006 ਵਿੱਚ ਹਵਾਲਦਾਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਵਾਪਸ ਘਰ ਆ ਗਏ। 
                          ਇਸ ਤੋਂ ਬਾਅਦ ਉਹਨਾਂ ਨੇ ਪਠਾਨਕੋਟ ਵਿਖੇ ਇਲੈਕਟਰੋਨਿਕਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਸਟੈਪਲਾਈਜਰ ਅਤੇ ਇਨਵਰਟਰ ਬਣਾ ਕੇ ਵੇਚਣੇ ਸ਼ੁਰੂ ਕੀਤੇ। ਇਸ ਤੋਂ ਇਲਾਵਾ ਉਹਨਾਂ ਨੇ ਡੈੱਕ ਵੀ ਬਣਾ ਕੇ ਵੇਚਣੇ ਸ਼ੁਰੂ ਕੀਤੇ ਅਤੇ ਆਪਣਾ ਵਧੀਆ ਕਾਰੋਬਾਰ ਸਥਾਪਿਤ ਕਰ ਲਿਆ।
 2007 ਵਿੱਚ ਨਿਊਜ਼ੀਲੈਂਡ ਦੀ ਕੰਪਨੀ ਲਾਕ ਵੁੱਡ ਇੰਟਰਨੈਸ਼ਨਲ ਵਿੱਚ ਜੁਆਇਨ ਕਰ ਲਿਆ ਜੋ ਕਿ ਹਿਮਾਚਲ ਦੇ ਵਿੱਚ ਬਿਲਡਿੰਗਾਂ ਬਣਾਉਣ ਦਾ ਕੰਮ ਕਰਦੀ ਸੀ। ਜਿਸ ਵਿੱਚ ਜਮੀਲਾ ਖਾਨ ਜੀ ਇਲੈਕਟਰੀਕਲ ਦਾ ਕੰਮ ਵੇਖਦੇ ਸਨ। ਇਸ ਕੰਪਨੀ ਵਿੱਚ ਲਗਾਤਾਰ 2011 ਤੱਕ ਉਹਨਾਂ ਨੇ ਕੰਮ ਕੀਤਾ ਤੇ ਵਧੀਆ ਸਲਾਨਾ ਪੈਕਜ ਲੈਂਦੇ ਰਹੇ। ਇਸ ਤੋਂ ਬਾਅਦ 25 ਜੂਨ 2011ਨੂੰ ਜਮੀਲਾ ਖਾਨ ਜੀ ਨੂੰ ਗੁਜਰਾਤ ਵਿੱਚ ਅਡਾਨੀ ਪੋਰਟ ਤੇ ਟੈਕਨੀਕਲ ਅਡਵਾਈਜ਼ਰ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਜਿੱਥੇ ਉਹਨਾਂ ਨੂੰ ਕਾਫੀ ਵਧੀਆ ਪੈਕੇਜ ਦਾ ਆਫਰ ਮਿਲਿਆ। ਉਹਨਾਂ ਨੇ ਇਸ ਕੰਪਨੀ ਦਾ ਕੰਮ ਦੇਖਣਾ ਸ਼ੁਰੂ ਕੀਤਾ ਇਸ ਕੰਪਨੀ ਵਿੱਚ ਉਹਨਾਂ ਨੇ 2015 ਤੱਕ ਕੰਮ ਕੀਤਾ।ਇਸ ਤੋਂ ਬਾਅਦ ਇਕ ਸਾਲ ਉਹ ਸਾਊਦੀ ਅਰਬ ਵਿੱਚ ਕੰਪਨੀ ਦਾ ਕੰਮ ਕਰਦੇ ਰਹੇ। ਉਸ ਤੋਂ ਬਾਅਦ 28 ਮਈ 2016 ਨੂੰ ਅਗਰਵਾਲ ਟਿੰਬਰ ਪ੍ਰਾਈਵੇਟ ਇੰਪੋਰਟ ਲਿਮਿਟਡ ਕੰਪਨੀ ਦੇ ਵਿੱਚ ਜੁਆਇੰਨ ਕੀਤਾ ਜਿੱਥੇ ਹੋਰ ਵੀ ਵਧੀਆ ਪੈਕਜ ਮਿਲਣਾ ਸ਼ੁਰੂ ਹੋਇਆ। ਜਿਸ ਵਿੱਚ ਅੱਜ ਤੱਕ ਲਗਾਤਾਰ ਨੌਕਰੀ ਕਰ ਰਹੇ ਹਨ। ਉਹਨਾਂ ਕੋਲ ਇਸ ਸਮੇਂ ਜਿੰਦਗੀ ਦੀਆਂ ਵਧੀਆ ਲਗਜਰੀ ਸਹੂਲਤਾਂ ਹਨ। ਉਹ ਦੱਸਦੇ ਹਨ ਕਿ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚ ਜਰੂਰ ਪੈਦਾ ਹੋਇਆ ਸੀ ਪਰ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਸ ਤੋਂ ਇਲਾਵਾ ਜਮੀਲਾ ਖਾਨ ਜੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਪਾ ਰਹੇ ਹਨ। ਉਹਨਾਂ ਦੀ ਸੰਸਥਾ ਨੇ ਹੁਣ ਤੱਕ ਇਕ ਲੱਖ ਪੌਦੇ ਲਵਾ ਦਿੱਤੇ ਹਨ ਅਤੇ ਰਾਜਸਥਾਨ ਦੇ ਵਿੱਚ ਰੇਨ ਹਾਰਵੈਸਟਿੰਗ ਵਾਟਰ ਲਈ ਕਾਫੀ ਕੰਮ ਕਰ ਰਹੇ ਹਨ।ਕਾਫੀ ਇਲਾਕਿਆਂ ਦੇ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ ਉਹਨਾਂ ਦਾ ਰੋਟਰੀ ਫੋਰੈਸਟ ਕਲੱਬ ਹੈ।ਜਿਸ ਵਿੱਚ ਉਹਨਾਂ ਨੇ ਕਾਫੀ ਆਯੁਰਵੈਦਿਕ ਪੌਦੇ ਲਾਏ ਹਨ ਅਤੇ ਹੁਣ ਤੱਕ ਉਹ 26 ਵਾਰ ਖੂਨਦਾਨ ਵੀ ਕਰ ਚੁੱਕੇ ਹਨ।
          ਉਹਨਾਂ ਦੇ ਦੋ ਬੇਟੇ ਹਨ ਵੱਡਾ ਬੇਟਾ ਰੋਹਿਤ ਖਾਂ ਮਰਚੈਂਟ ਨੇਵੀ ਵਿੱਚ ਅਫੀਸਰ ਹੈ ਅਤੇ ਛੋਟਾ ਬੇਟਾ ਆਸਿਫ ਅਲੀ ਦਿੱਲੀ ਯੂਨੀਵਰਸਿਟੀ ਵਿੱਚ ਬੀ ਕਾਮ ਕਰ ਰਿਹਾ ਹੈ ਅਤੇ ਉਹਨਾਂ ਦੀ ਪਤਨੀ ਘਰੇਲੂ ਔਰਤ ਹੈ। ਉਹ ਆਪਣੇ ਪਿੰਡ ਨਾਲ ਜੁੜੇ ਹੋਏ ਹਨ ਅਤੇ ਹਰ ਸਾਲ ਪਿੰਡ ਆਉਂਦੇ ਰਹਿੰਦੇ ਹਨ ਅਤੇ ਆਪਣੀ ਦਸਵੀਂ ਜਮਾਤ ਦੇ ਮਿੱਤਰਾਂ ਨੂੰ ਇਕੱਠੇ ਕਰਕੇ ਕਿਸੇ ਨਾ ਕਿਸੇ ਪਾਰਟੀ ਦਾ ਆਯੋਜਨ ਕਰਦੇ ਰਹਿੰਦੇ ਹਨ।ਉਹਨਾਂ ਨੂੰ ਵੀ ਮੋਟੀਵੇਸ਼ਨ ਕਰਦੇ ਰਹਿੰਦੇ ਹਨ। ਪਰਮਾਤਮਾ ਇਸ ਮਹਾਨ ਸ਼ਖਸੀਅਤ ਨੂੰ ਲੰਮੀਆਂ ਉਮਰਾਂ ਬਖਸ਼ੇ ਸਾਨੂੰ ਵੀ ਅਜਿਹੇ ਇਨਸਾਨਾਂ ਤੋਂ ਸੇਧ ਲੈ ਕੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੀਦਾ ਹੈ।
ਲੇਖਕ ਅਰਵਿੰਦਰ ਸਿੰਘ ਚਹਿਲ

Post a Comment

Previous Post Next Post